ਪੰਨਾ:ਮਾਣਕ ਪਰਬਤ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਨੇ ਢੱਗੇ ਨੂੰ ਭੁੰਨਿਆ ਤੇ ਵਾਸੀਲ ਨੂੰ ਸਦਿਆ, ਆਏ ਉਹਦੇ ਨਾਲ ਬਹਿ ਕੇ ਖਾਵੇ।

"ਲਗ ਪਓ, ਆਪ ਈ ਖਾ ਪਿਆ," ਵਾਸੀਲ ਨੇ ਆਖਿਆ। “ਮੈਂ ਘਰ ਜਾ ਕੇ ਖਾ ਲਾਂਗਾ। ਇਕ ਢੱਗਾ ਮੇਰੇ ਲਈ ਕੀ ਏ—ਇਕੋ ਬੁਰਕੀ!"

ਅਜਗਰ ਨੇ ਢੱਗਾ ਖਾ ਲਿਆ ਤੇ ਬੁਲ ਚੱਟਣ ਲਗਾ। ਉਹ ਗੱਡੇ 'ਤੇ ਬਹਿ ਫੇਰ ਚਲ ਪਏ ਤੇ ਛੇਤੀ ਹੀ ਵਾਸੀਲ ਦੇ ਘਰ ਕੋਲ ਪਹੁੰਚ ਪਏ। ਬਚਿਆਂ ਨੇ ਦੂਰੋਂ ਆਪਣੇ ਪਿਓ ਨੂੰ ਆਉਂਦਿਆਂ ਤਕਿਆ, ਤੇ ਉਹ ਖੁਸ਼ੀ ਨਾਲ ਕੂਕਾਂ ਮਾਰਨ ਲਗ ਪਏ:

“ਬਾਪੂ ਆ ਗਿਐ! ਬਾਪੂ ਆ ਗਿਐ!"

ਪਰ ਅਜਗਰ ਨੂੰ ਸਮਝ ਨਾ ਪਈ ਤੇ ਉਹ ਪੁੱਛਣ ਲਗਾ:

“ਬੱਚੇ ਕੀ ਰੌਲਾ ਪਾ ਰਹੇ ਨੇ?"

"ਵੇਖ ਕੇ ਬੜੇ ਖੁਸ਼ ਹੋਏ ਨੇ, ਮੈਂ ਤੈਨੂੰ ਘਰ ਲਿਆ ਰਹਾਂ, ਉਹਨਾਂ ਨੂੰ ਖੁਆਣ ਲਈ। ਬੜੀ ਭੁਖ ਲਗੀ ਹੋਈ ਨੇ।"

ਹੁਣ ਤਾਂ ਅਜਗਰ ਦਾ ਤਰਾਹ ਹੀ ਨਿਕਲ ਗਿਆ, ਤੇ ਉਹਨੇ ਗੱਡੇ ਤੋਂ ਛਾਲ ਕਢ ਮਾਰੀ ਤੇ ਭਜ ਨਿਕਲਿਆ। ਪਰ ਉਹਨੂੰ ਰਾਹ ਨਾ ਲਭਿਆ ਤੇ ਉਹ ਦਲਦਲ ਵਿਚ ਜਾ ਵੜਿਆ। ਦਲਦਲ ਬੜੀ ਡੂੰਘੀ ਸੀ, ਤੇ ਡੂੰਘੀ ਸਚੀ ਮੁਚੀ ਉਹ ਏਨੀ ਸੀ ਕਿ ਉਹਦੀ ਤਹਿ ਤਕ ਨਹੀਂ ਸੀ ਪਹੁੰਚਿਆ ਜਾ ਸਕਦਾ, ਤੇ ਅਜਗਰ ਉਹਦੇ ਵਿਚ ਧਸ ਗਿਆ ਤੇ ਡੁਬ ਗਿਆ। ਤੇ ਏਸ ਤਰ੍ਹਾਂ ਉਹਦਾ ਅੰਤ ਹੋ ਗਿਆ।