ਪੰਨਾ:ਮਾਣਕ ਪਰਬਤ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਲੀਪਕਾ

ਬੇਲਰੂਸੀ ਪਰੀ - ਕਹਾਣੀ

ਇਕ ਵਾਰੀ ਦੀ ਗਲ ਏ, ਇਕ ਆਦਮੀ ਤੇ ਉਹਦੀ ਘਰ ਵਾਲੀ ਹੁੰਦੇ ਸਨ। ਉਨਾਂ ਦਾ ਬਾਲ-ਬੱਚਾ ਕੋਈ ਨਹੀਂ ਸੀ, ਤੇ ਘਰ ਵਾਲੀ ਨੂੰ ਹਮੇਸ਼ਾ ਹੀ ਇਸ ਗਲ ਦਾ ਦੁਖ ਤੇ ਝੋਰਾ ਰਹਿੰਦਾ ਸੀ ਕਿ ਉਹਦੇ ਕੋਲ ਕੋਈ ਨਹੀਂ ਸੀ, ਜਿਹਨੂੰ ਉਹ ਪੰਘੂੜੇ ਵਿਚ ਪਾ ਝੂਟੇ ਦੇ ਸਕੇ, ਚੁੰਮ-ਚਟ ਤੇ ਲਾਡ-ਪਿਆਰ ਕਰ ਸਕੇ।

ਇਕ ਦਿਨ ਘਰ ਵਾਲਾ ਜੰਗਲ ਵਿਚ ਗਿਆ, ਉਹਨੇ ਏਲਦਰ ਦੇ ਦਰਖ਼ਤ ਤੋਂ ਇਕ ਮੋਛਾ ਲਾਹਿਆ . ਤੇ ਉਹਨੂੰ ਘਰ ਆਪਣੀ ਵਹੁਟੀ ਕੋਲ ਲੈ ਆਇਆ।

"ਐਹ ਲੈ,' ਘਰ ਵਾਲੇ ਨੇ ਆਖਿਆ, "ਇਹਨੂੰ ਝੂਟੇ ਦਿਆ ਕਰ।"

ਵਹੁਟੀ ਨੇ ਮੋਛੇ ਨੂੰ ਪੰਘੂੜੇ ਵਿਚ ਪਾ ਲਿਆ ਤੇ ਉਹਨੂੰ ਝੂਟੇ ਦੇਣ ਲਗ ਪਈ ਤੇ ਝੂਟੇ ਦੇਂਦਿਆਂ-ਦੇਦਿਆਂ ਗੌਣ ਲਗ ਪਈ:

"ਝੂਟ, ਝੂਟ ਨਿਕਿਆ, ਅੱਖਾਂ ਦੇ ਕਾਲਿਆ, ਪਿੰਡੇ ਦੇ ਚਿਟਿਆ ..."

ਉਹਨੇ ਮੋਛੇ ਨੂੰ ਇਕ ਦਿਨ ਝੂਟਾਇਆ ਤੇ ਉਹਨੇ ਉਹਨੂੰ ਅਗਲੇ ਦਿਨ ਝੂਟਾਇਆ, ਤੇ ਤੀਜੇ ਦਿਨ ਉਹਨੇ ਤਕਿਆ, ਪੰਘੂੜੇ ਵਿਚ ਇਕ ਨਿੱਕਾ ਜਿਹਾ ਬਾਲ ਲੇਟਿਆ ਹੋਇਆ ਸੀ!

ਵਹੁਟੀ ਤੇ ਘਰ ਵਾਲੇ ਦੀ ਖੁਸ਼ੀ ਦੀ ਹਦ ਨਾ ਰਹੀ। ਉਹਨੇ ਆਪਣੇ ਨਿੱਕੇ ਦਾ ਨਾਂ ਪਿਲੀਪਕਾ ਰਖਿਆ ਤੇ ਪਿਆਰ ਨਾਲ ਉਹਨੂੰ ਪਾਲਣ ਲਗ ਪਏ।

ਜਦੋਂ ਪਿਲੀਪਕਾ ਵਡਾ ਹੋਇਆ, ਉਹਨੇ ਆਪਣੇ ਪਿਓ ਨੂੰ ਆਖਿਆ:

"ਬਾਪੂ, ਮੈਨੂੰ ਸੋਨੇ ਦੀ ਬੇੜੀ ਬਣਾ ਦਿਓ, ਤੇ ਚਾਂਦੀ ਦਾ ਚੱਪੂ। ਮੈਂ ਮੱਛੀਆਂ ਫੜਨ ਜਾਣਾ ਏਂ।

ਤੇ ਪਿਓ ਨੇ ਉਹਨੂੰ ਸੋਨੇ ਦੀ ਬੇੜੀ ਬਣਾ ਦਿੱਤੀ ਤੇ ਚਾਂਦੀ ਦਾ ਚੱਪੂ ਤੇ ਮੱਛੀਆਂ ਫੜਨ ਲਈ ਉਹਨੂੰ ਝੀਲ 'ਤੇ ਘਲ ਦਿਤਾ।

੭੬