ਪੰਨਾ:ਮਾਣਕ ਪਰਬਤ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਤੀ। ਕੋਲ ਮਾਪਿਆਂ ਉਡ ਪਹੁੰਚਾਂ, ਮੈਂ ਨਾਲ ਤੁਹਾਡੇ, ਤੁਸਾਂ ਜੁ ਕੀਤਾ, ਉਹਦਾ ਚੁਕਾਵਾਂ ਸਿਲਾ ਮੈਂ ਓਥੇ।”

ਹੰਸਾਂ ਨੇ ਉਹਦੇ ਲਈ ਇਕ-ਇਕ ਖੰਬ ਸੁਟ ਦਿਤਾ, ਤੇ ਇਹਨਾਂ ਖੰਬਾਂ ਨਾਲ ਪਿਲੀਪਕੇ ਨੇ ਆਪਣੇ ਲਈ ਅੱਧਾ ਪਰ ਬਣਾ ਲਿਆ!

ਫੇਰ ਹੰਸਾਂ ਦੀ ਦੂਜੀ ਡਾਰ ਉਡਦੀ ਆਈ। ਤੇ ਪਿਲੀਪਕੇ ਨੇ ਉਹਨਾਂ ਨੂੰ ਆਵਾਜ਼ ਦਿੱਤੀ ਤੇ ਕਿਹਾ:

“ਹੰਸੋ, ਹੰਸੋ, ਰੌਲੀ ਨਾ ਪਾਉ, ਇਕ-ਇਕ ਖੰਬ ਸੁਟਦੇ ਜਾਉ। ਕੋਲ ਮਾਪਿਆਂ ਉਡ ਪਹੁੰਚਾਂ, ਮੈਂ ਨਾਲ ਤੁਹਾਡੇ, ਤੁਸਾਂ ਜੁ ਕੀਤਾ, ਉਹਦਾ ਚੁਕਾਵਾਂ ਸਿਲਾ ਮੈਂ ਓਥੇ।"

ਤੇ ਦੂਜੀ ਡਾਰ ਨੇ ਵੀ ਉਹਦੇ ਲਈ ਇਕ-ਇਕ ਖੰਬ ਸੁਟ ਦਿਤਾ।

ਉਸ ਪਿਛੋਂ ਤੀਜੀ ਤੇ ਫੇਰ ਚੋਥੀ ਡਾਰ ਆਈ, ਤੇ ਸਾਰੇ ਹੀ ਹੰਸ ਪਿਲੀਪਕੇ ਲਈ ਇਕ-ਇਕ ਖੰਬ ਸੁਟਦੇ ਗਏ।

ਪਿਲੀਪਕੇ ਨੇ ਆਪਣੇ ਲਈ ਦੋ ਪਰ ਬਣਾ ਲਏ ਤੇ ਹੰਸਾਂ ਦੇ ਪਿਛੇ-ਪਿਛੇ ਉਡ ਪਿਆ।

ਐਨ ਉਸੇ ਵੇਲੇ ਬਾਬਾ-ਯਗਾ ਹਾਰ ਵਲੋਂ ਭੱਜੀ-ਭੱਜੀ ਆਈ, ਤੇ ਉਹ ਦਰਖ਼ਤ ਨੂੰ ਫੇਰ ਵੱਢਣ ਲਗ ਪਈ। ਉਹਨੇ ਏਨੇ ਜ਼ੋਰ ਨਾਲ ਟਕ ਮਾਰੇ ਕਿ ਛੋਡੇ ਉਡਣ ਲਗ ਪਏ।

ਉਹ ਵਢਦੀ ਗਈ, ਵਢਦੀ ਗਈ, ਤੇ ਦਰਖ਼ਤ ਕਾੜ-ੜ ਕਰਦਾ ਉਹਦੇ ਉਤੇ ਆ ਪਿਆ! ਤੇ ਉਹ ਮਰ ਗਈ।

ਤੇ ਪਿਲੀਪਕਾ ਹੰਸਾਂ ਨਾਲ ਉਡਦਾ-ਉਡਦਾ ਘਰ ਪਹੁੰਚ ਗਿਆ। ਜਦੋਂ ਉਹਦੇ ਮਾਂ ਪਿਓ ਨੇ ਉਹਨੂੰ ਵੇਖਿਆ, ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨਾਂ ਉਹਨੂੰ ਮੇਜ਼ ਦੁਆਲੇ ਬਿਠਾ ਲਿਆ ਤੇ ਉਹਨੂੰ ਤਰ੍ਹਾਂ-ਤਰਾਂ ਦੇ ਪਕਵਾਣ ਖਵਾਣ ਲਗ ਪਏ।

ਤੇ ਹੰਸਾਂ ਨੂੰ ਉਹਨਾਂ ਜਵੀ ਤੇ ਸ਼ਰਾਬ ਦਿਤੀ, ਤੇ ਇਸ ਤਰ੍ਹਾਂ ਮੁੱਕੀ ਇਹ ਕਹਾਣੀ ਲੰਮੀ-ਨਿੱਕੀ।