ਪੰਨਾ:ਮਾਤਾ ਹਰੀ.pdf/215

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜ ਵਜ ਕੇ ਸੰਤਾਲੀ ਮਿੰਟ ਤੇ ਛਾਨਣੀ ਛਾਨਣੀ ਕੀਤੀ ਜਾਣੀ ਸੀ।

ਇਸ ਦੇ ਇਕ ਦਿਨ ਪਹਿਲੋਂ ਬੁੱਢੇ ਵਕੀਲ ਨੇ ਮੁੜ ਪ੍ਰਧਾਨ ਨਾਲ ਮੇਲਣੀ ਕੀਤੀ ਅਤੇ ਬੜੀਆਂ ਅਰਜ਼ਾਂ ਕੀਤੀਆਂ ਕਿ ਮਾਤਾ ਹਰੀ ਦੀ ਫਾਂਸੀ ਦੀ ਸਜ਼ਾ ਮਨਸੂਖ਼ ਹੋ ਜਾਏ ਪਰ ਉਹਦੀਆਂ ਅਰਜ਼ੋਈਆਂ ਅਰ ਕੋਸ਼ਿਸ਼ਾਂ ਨਿਸਫ਼ਲ ਰਹੀਆਂ।

ਉਹ ਸਵੇਰ ਮਾਤਾ ਹਰੀ ਦੀ ਜ਼ਿੰਦਗੀ ਦੀ ਆਖ਼ਰੀ ਸਵੇਰ ਸੀ। ਉਹ ਚੁਪ ਸੀ ਪਰ ਅੱਖਾਂ ਵਿਚ ਚਮਕ ਸੀ। ਏਧਰ ਉਧਰ ਕੋਠੜੀ ਵਿਚ ਫਿਰਦੀ ਉਨ੍ਹਾਂ ਦੋਹਾਂ "ਤਰਸ ਦੀ ਭੈਣਾਂ" ਵਲ ਤਕ ਰਹੀ ਸੀ। ਫੇਰ ਉਨ੍ਹਾਂ ਦੋਹਾਂ ਦਾ ਮਖੋਲ ਉਡਾਣ ਲਗ ਪਈ।

"ਤੁਸੀਂ ਨਹੀਂ ਜਾਣਦੀਆਂ ਕਿ ਜੀਵਨ ਕੀ ਹੈ। ਤੁਸੀ ਬੰਦੀ ਖ਼ਾਨੇ ਦੀ ਚਾਰ ਦੀਵਾਰੀ ਵਿਚ ਰਹਿ ਕੇ ਮੁਲਜ਼ਮਾਂ ਦੀ ਦਿਲਜੋਈ ਕਰਨਾ ਹੀ ਜਾਣਦੀਆਂ ਹੋ ਅਤੇ ਇਸ ਗਲ ਨੂੰ ਹੀ ਬੜੀ ਉੱਚੀ ਸਮਝਦੀਆਂ ਹੋ। ਤੁਸੀਂ ਜਾਣਦੀਆਂ ਹੋ ਕਿ ਅਸਲ ਜੀਵਨ ਤਾਂ ਇਨ੍ਹਾਂ ਚੌਹਾਂ ਕੰਧਾਂ ਦੇ ਬਾਹਰ ਸ਼ੁਰੂ ਹੁੰਦਾ ਹੈ। ਤੁਸਾਂ ਦੇ ਕੋਝੇ ਅਤੇ ਗੰਦੇ ਸਰੀਰ ਸ਼ਾਇਦ ਇਸ ਲਈ ਬਣਾਏ ਗਏ ਸਨ ਕਿ ਤੁਸੀਂ ਏਥੇ ਹੀ ਗਲ ਸੜ ਕੇ ਮਰ ਜਾਵੋ। ਨਾ ਤੁਹਾਨੂੰ ਖਾਣਾ ਆਉਂਦਾ ਹੈ ਨਾ ਹੰਡਾਉਣਾ। ਤੁਸੀ ਸਮਝਦੀਆਂ ਹੋਵੋਗੀਆਂ ਕਿ ਤੁਸਾਂ ਦੀ ਜ਼ਿੰਦਗੀ ਬੜੀ ਪਵਿੱਤਰ ਹੈ! ਪਰ ਆਰਟ ਦੀ ਨਜ਼ਰ ਵਿਚ ਇਸ ਦਾ ਕੱਖ ਵੀ ਮੁਲ ਨਹੀਂ। ਜਿਹੜਾ ਰੁਤਬਾ ਮੈਂ ਪਾਇਆ ਹੈ ਉਹਦਾ ਤੁਸੀ ਸੁਪਨਾ ਵੀ ਨਹੀਂ ਲੈ ਸਕਦੀਆਂ। ਖੈਰ ਤੁਸਾਂ ਮੇਰੇ ਜੀਵਨ ਦੀਆਂ ਖੂਬੀਆਂ ਨੂੰ ਕੀ ਸਮਝਣਾ ਹੈ। ਮੇਰੀ ਮੌਤ ਤੋਂ ਹੀ ਸਬਕ ਸਿਖ ਲਵੋ ਕਿ ਮੈਂ ਮਰਨਾ ਵੀ ਜਾਣਦੀ ਹਾਂ। ਆਓ ਤੁਸਾਂ ਨੂੰ ਮੈਂ ਆਪਣਾ ਅਖ਼ੀਰਲਾ ਆਰਟ ਦਸਾਂ। ਇਹ "ਸ਼ੋ" ਨਾਚ ਹੋਵੇਗਾ।

੨੧੬.