ਬਹਿ ਪਿੱਠ ਅਕਾਲੀ ਫੱਬਦੇ, ਪਾ ਨੀਲਾ ਬਾਣਾ ।
ਉਨ੍ਹਾਂ ਕਮਰ ਕੱਸੇ ਵਿਚ ਜਮਧਰਾਂ, ਦਸਤਾਰ ਨਸ਼ਾਨਾ ।
ਉਨ੍ਹਾਂ ਬਿਛੁਏ ਟੰਗੇ ਪੇਟੀਏਂ, ਲਮਕਣ ਕ੍ਰਿਪਾਨਾਂ ।
ਸਿਰ, ਚੱਕਰ, ਪੰਜੇ ਸ਼ੇਰ ਦੇ, ਹੋਏ ਲਹੂ ਲੁਹਾਨਾ ।
ਉਨ੍ਹਾਂ ਫਰਲੇ ਉਡਣ ਸਿਰਾਂ ਤੋਂ, ਜਿਉਂ ਬਾਜ਼ ਉਡਾਨਾਂ ।
ਓਥੇ ਸਤਿ ਸ੍ਰੀ ਅਕਾਲ ਗਜਾ, ਰੋਹ ਚੜ੍ਹੇ ਜਵਾਨਾਂ
ਓਥੇ ਸ਼ਸਤਰ ਕਾਹਲੇ ਪੈ ਗਏ, ਜੰਗ ਦਾ ਸਮਿਆਨਾ
ਓਥੇ ਤੀਰਾਂ ਜੀਭਾਂ ਕੱਢੀਆਂ, ਵੱਟ ਖਾਣ ਕਮਾਨਾਂ ।
ਓਥੇ ਖੰਡੇ ਨਿਕਲੇ ਭੜਕ ਕੇ, ਭੰਨ ਤੋੜ ਮਿਆਨਾਂ ।
ਉਤੇ ਪੀਰ ਸੁਭਾਗੇ ਬੈਠਿਆਂ ਸੁਣ ਲਿਆ ਪਠਾਣਾਂ।
ਲੱਖ ਮਾਰੇ ਨਾਅਰੇ ਅਲੀ ਦੇ, ਗਿਣ ਗਿਣ ਕੇ ਖਾਨਾਂ ।
ਦਲ ਦੋਵੇਂ ਏਦਾਂ ਆ ਜੁੜੇ, ਜਿਉਂ ਖੇਤਰ ਧਾਨਾਂ ।
ਪਈ ਫਸਲ ਵਢਾਵਣ ਵਾਸਤੇ, ਜਿਉਂ ਮੰਗ ਕਿਸਾਨਾਂ ।
ਤਾਂ ਫ਼ੌਜੀ ਹੁਕਮ ਚੜ੍ਹਾ ਦਿਤੇ, ਦੋਹਾਂ ਸਰਦਾਰਾਂ ।
ਅੱਜ ਸ਼ੇਰਾਂ ਸਾਹਵੇਂ ਹੋ ਗਈਆਂ, ਸ਼ੇਰਾਂ ਦੀਆਂ ਮਾਰਾਂ ।
ਆ ਇਕ ਦੂਜੇ ਨੂੰ ਚੁੰਮਿਆ, ਪਰੀਆਂ ਤਲਵਾਰਾਂ ।
ਉਹ ਇਕੋ ਹੱਥੇ ਲਾਹ ਗਈਆਂ, ਸਿਰ ਠਾਰਾਂ ਠਾਰਾਂ ।
ਕਿਤੇ ਵੈਰੀ ਦੇ ਲਹੂ ਨ੍ਹਾਤੀਆਂ, ਨੇ ਇੰਜ ਕਟਾਰਾਂ ।
ਜਿਉਂ ਫਾਲੇ ਕੱਢੇ ਆਹਰਣੋੋਂ, ਤਾ ਤਾ ਲੁਹਾਰਾਂ।
ਉਥੇ ਬਿਜਲੀ ਨਾਲ ਵਟਾ ਲਈਆਂ, ਖੰਡਿਆਂ ਨੇ ਧਾਰਾਂ ।
ਲੰਘ ਕਾਠੀਆਂ ਘੋੜੇ ਵੱਢ ਗਏ, ਉਹ ਸਣੇ ਸਵਾਰਾਂ ।
ਲੱਖ ਤੀਰ ਸ਼ੂਕਦੇ ਵਿਨ੍ਹਦੇ, ਹੋਏ ਗਏ ਕਤਾਰਾਂ ।
ਇਓਂ ਗੋਲੀਆਂ ਢੇਰੀ ਕਰ ਗਈਆਂ, ਲੋਥਾਂ ਮੁਰਦਾਰਾਂ !
ਪੜ੍ਹ ਮੰਤਰ ਲੋਕ ਸੁਆ ਦਿਤੇ, ਜਿਉਂ ਸ਼ਾਹ-ਮਦਾਰਾਂ !
- ੧੦੧ -