ਪੰਨਾ:ਮਾਨ-ਸਰੋਵਰ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਸਕਾਂਦਾ ਦਿੱਸੇਂ ਤਾਂ ਖਿੜਕੇ,
ਕੰਵਲ ਦਿਲੇ ਦਾ ਹੋਵੇ ਸਿੱਧਾ।
ਫੁਰਕ ਫੁਰਕ ਕੇ ਦੋਵੇਂ ਬੁਲ੍ਹੀਆਂ,
ਨਿੰਮ੍ਹਾ ਨਿੰਮ੍ਹਾ ਪਾਵਣ ਗਿੱਧਾ।

ਫਿਰ ਜੇ ਕਿਧਰੋਂ ਅੱਖ ਬਚਾ ਕੇ,
ਨਾਲ ਪੱਲੇ ਦੇ ਛੋਹਵੇ ਪੱਲਾ।
ਅੱਭੜਵਾਇਆ ਉੱਠ ਖਲੋਂਦਾ,
ਪਿੰਡੇ ਦਾ ਲੂੰ ਕੱਲਾ ਕੱਲਾ।


ਲੱਖ ਕਰੋੜ ਪਪੀਹੇ ਜੀਕੂੰ,
ਇਕ ਦਮ ਨੇ ਚੁੰਝਾਂ ਚੁਕ ਲੈਂਦੇ।
ਅਣਸੁਣਵਾਂ ਜਿਹਾ "ਪੀਹੂ ਪੀਹੂ,"
ਬੈਠੀ ਹੋਈ ਅਵਾਜ਼ ਚਿ ਕਹਿੰਦੇ।

ਝਰਨਾਟਾਂ ਦੀ ਸਾਂ ਸਾਂ ਵਿਚੋਂ,
ਜਾਗ ਪੈਣ ਸੰਗੀਤ ਹਜ਼ਾਰਾਂ।
ਮੋਏ ਹੋਏ ਵੀ ਜਜ਼ਬੇ ਦਿਲ ਦੇ,
ਹੋ ਜਾਂਦੇ ਸੁਰਜੀਤ ਹਜ਼ਾਰਾਂ।

ਕੀ ਜਾਣਾ ਮੁਰਝਾਏ ਮੂੂੰਹ ਤੇ,
ਚੜ੍ਹ ਜਾਂਦੀ ਏ ਲਾਲੀ ਕਿੱਥੋਂ?
ਸੜਦੇ ਤਪਦੇ ਦਿਲ ਨੂੰ ਆਵੇ,
ਕੰਬਣੀ ਪਾਲੇ ਵਾਲੀ ਕਿੱਥੋਂ?


ਸਮਝਾਂ ਵਾਲੇ ਸਮਝ ਨ ਸਕਦੇ,
ਮੇਰੇ ਦਿਲ ਦਾ ਭੇਦ ਨਿਰਾਲਾ।

- ੧੮ -