ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਇਸ਼ਕੋੋਂ ਅੰਨ੍ਹਾਂ ਜਗ ਕੀ ਸਮਝੇ,
ਏਹ ਸਮਝੇ ਕੋਈ ਨੈਣਾਂ ਵਾਲਾ।
ਵਾਹ! ਚੰਨੇ ਤੋਂ ਸੋਹਣੇ ਚੰਨੇ,
ਵਾਹ ਮਾਖਿਓਂ ਤੋਂ ਮਿੱਠੇ ਚੰਨੇ।
ਤੇਰੇ ਜਿਹਾ ਨ ਡਿੱਠਾ ਚੰਨਾ!
ਲੱਖ ਦੁਨੀਆਂ ਦੇ ਡਿੱਠੇ ਚੰਨੇ।
ਵਾਹ ਓ! ਵਾਹ ਅਨੋਖੇ ਸਾਕੀ,
ਕੈਸੀ ਘੁੁੱਟ ਪਿਲਾਈ ਮੈਨੂੰ।
ਆਪਣੇ ਅਤੇ ਬਿਗਾਨੇ ਭੁੱਲੇ,
ਭੁੱਲੀ ਕੁੱਲ ਲੁਕਾਈ ਮੈਨੂੰ।
ਐਸੀ ਭੁੱਲੀ ਪੀ ਪਿਆਲੇ,
ਯਾਦ ਰੱਖਣ ਦੀ ਲੋੜ ਰਹੀ ਨਾ।
ਰਾਹ ਪੁਛਣ ਦੀ ਲੋੜ ਰਹੀ ਨਾ,
ਮੰਜ਼ਲ ਦੀ ਵੀ ਲੋੜ ਰਹੀ ਨਾ।
ਯਾਦ ਰਿਹਾ ਨ ਖਾਣਾ ਪੀਣਾ,
ਭੁੱਖਾਂ ਕਿਥੇ ਪਿਆਸਾਂ ਕਿਥੇ?
ਫਿਰਦੀ ਹਾਂ ਅਲਬੇਲੀ ਹੋਈ,
ਨਾ ਜਾਣਾ ਮੈਂ ਜਾਸਾਂ ਕਿਥੇ?
ਮੋਤੀ ਹਾਂ ਇਕ ਸੀਨੇ ਅੰਦਰ,
ਸਿੱਪੀ ਵਾਂਗ ਛੁਪਾਈ ਫਿਰਦੀ।
ਮਿੱਟੀ ਦੇ ਇਸ ਬੁੱਤ ਦੇ ਅੰਦਰ,
ਮੈਂ ਹਾਂ ਨੂਰ ਲੁਕਾਈ ਫਿਰਦੀ।
-੧੯-