ਪੰਨਾ:ਮਾਨ-ਸਰੋਵਰ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਤਕ ਦੀ ਪੁੰਨਿਆਂ

ਵਾਹ ! ਕਤਕ ਦੀ ਸੋਹਣੀ ਪੁੰਨਿਆਂ,
ਵਾਹ ਅਲ੍ਹੜ ਮਨਮੋਹਣੀ ਪੁੰਨਿਆਂ ।
ਕਿਹੜੇ ਅਰਸ਼ੋਂ ਆਈ ਏਂ ਤੂੰ?
ਕਿਥੋਂ ਨੂਰ ਲਿਆਈਂ ਏਂ ਤੂੰ?

ਕੀ ਚਾਂਦੀ ਵਿਚ ਟੁਬੀਆਂ ਲਾਈਆਂ ?
ਮਲ ਆਈ ਜਾਂ ਦੁੱਧ ਮਲਾਈਆਂ ?
ਦੱਸੀਂ ਨੈਣਾਂ ਵਾਲੀਏ ਮੈਨੂੰ,
ਰੂਪ ਲੱਭਾ ਇਹ ਕਿੱਥੋਂ ਤੈਨੂੰ ।

ਅੱਗੇ ਵੀ ਮੈਂ ਡਿੱਠਾ ਤੈਨੂੰ,
ਅੜੀਏ ਡਾਢਾ ਚੇਤੇ ਮੈਨੂੰ ।
ਤੂੰ ਕੋਹ-ਤੂਰ ਵੀ ਜੇਕਰ ਫੜਿਆ,
ਤੈਨੂੰ ਰੂਪ ਨਾ ਏਨਾ ਚੜ੍ਹਿਆ।


- ੨੭ –