ਪੰਨਾ:ਮਾਨ-ਸਰੋਵਰ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਏਹੋ ਧੂੜ ਹੈ ਸ਼ਾਹ ਮਮੀਰਿਆਂ ਦੀ,
ਅੰਨ੍ਹੀਂ ਅੱਖੀਂ ਜੋ ਜੋਤਨਾ ਪਾ ਦੇਵੇ ।
ਜਾਲੇ ਹਿਰਸ ਤੇ ਖ਼ੁਦੀ ਗੁਮਾਨ ਵਾਲੇ,
ਪਹਿਲੇ ਸੁਰਮਚੂ ਨਾਲ ਹਟਾ ਦੇਵੇ ।
ਦੁਖ ਦਰਦ ਦਲਿੱਦਰ ਨੂੰ ਦੂਰ ਕਰਕੇ,
ਠੰਢ ਅੱਖੀਆਂ ਵਿੱਚ ਵਰਤਾ ਦੇਵੇ ।
ਰਹੀ ਰਾਤ ਦੀ ਗੱਲ ਤੇ ਇਕ ਪਾਸੇ,
ਤਾਰੇ ਇਸ਼ਕਦੇ ਦਿਨੇ ਦਿਖਾ ਦੇਵੇ ।

ਗੁਥਲੇ ਕਿਸੇ ਸੰਨਿਆਸੀ ਨੇ ਪਲਟ ਦਿਤੇ,
ਆ ਜਾ ਬਿਰਹੋਂ ਦੇ ਮੋਤੀਏ ਲਾਹ ਲਈਏ ।
ਸੁਰਮਾ ਸਮਝ ਕੇ ਧੂੜ ਆਨੰਦ ਪੁਰ ਦੀ,
ਆ ਜਾ ਸਜਣਾ ! ਅੱਖਾਂ ਚ ਪਾ ਲਈਏ ।

ਸੋਹਣੀ ਵਾਂਗਰਾਂ ਘੜੇ ਕੀ ਭਾਲਣੇ ਨੇ,
ਆ ਜਾ ਠਿੱਲ੍ਹੀਏ ਇਸ਼ਕ ਝਨਾਂ ਅੰਦਰ ।
ਮੌਜ ਗੋਤਿਆਂ ਦੀ ਜੇਕਰ ਮਾਨਣੀ ਊਂ,
ਆ ਜਾ ਡੁੱਬੀਏ ਡੂੰਘੇ ਜਿਹੇ ਥਾਂ ਅੰਦਰ ।
ਗਲੇ ਮਿਲਣ ਦੇ ਮਜ਼ੇ ਜੇ ਲੁੱਟਣੇ ਨੀਂ,
ਬਾਂਹ ਘਤੀਏ ਲਹਿਰਾਂ ਦੀ ਬਾਂਹ ਅੰਦਰ ।
ਸਦਾ ਲਈ ਜੇ ਵਸਲ ਹੀ ਵਸਲ ਲੋੜੇਂ,
ਜਾਨ ਜਾਣ ਦੇ ਇਸ਼ਕ ਦੇ ਰਾਹ ਅੰਦਰ ।

ਹੋਇਆ ਕੀ ਜੇ ਮੰਜ਼ਲਾਂ ਵਿਚ ਰਹਿ ਗਏ,
ਮਜ਼ੇ ਦੀਦ ਦੇ ਏਥੋਂ ਵੀ ਜਾ ਲਈਏ ।


- ੪੩ -