ਪੰਨਾ:ਮਾਨ-ਸਰੋਵਰ.pdf/88

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਵੱਖਰੀ ਹੈ ਆਪ ਅਤੇ ਵੱਖਰੀ ਹੈ ਚਾਲ ਇਹਦੀ,
ਵੱਖਰੇ ਹੀ ਰੰਗ ਅਤੇ ਕੌਤਕ ਰਚਾਂਦੀ ਏ।
ਚੁਣ ਚੁਣ ਮੋਤੀਆਂ ਨੂੰ ਕੰਧਾਂ ਵਿਚ ਦੱਬਦੀ ਏ,
ਸੋਹਲ ਸੋਹਲ ਫੁੱਲਾਂ ਤਾਂਈਂ ਅੱਗ 'ਚ ਜਲਾਂਦੀ ਏ ।
ਹੱਥ ਜਿਹੜਾ ਪਾਵੇ ਉਹਨੂੰ ਹੱਥਾਂ ਉਤੇ ਚੁੱਕਦੀ ਏ,
ਹੱਥਾਂ ਉਤੇ ਚਾੜ੍ਹ ਕੇ ਤੇ ਹੱਥ ਜਿਹੇ ਵਿਖਾਂਦੀ ਏ ।
ਪੀਤੇ ਜਾਂਦੇ ਏਸਦੇ ਪਿਆਲਿਆਂ ਨੂੰ ਪੀਣ ਵਾਲੇ,
ਸੁੱਧ ਬੁੱਧ ਸਾਰੇ ਸੰਸਾਰ ਦੀ ਭੁਲਾਂਦੀ ਏ ।

ਨਸ਼ੇ ਇਹਦੇ ਨੱਸ ਨੱਸ ਵਿਚ ਜਦੋਂ ਨਸੇ ਜਾਂਦੇ,
ਸੂਲੀਆਂ ਤੇ ਜਾਂਦੀ ਇਹਦੀ ਮਸਤੀ ਪ੍ਰਿਖੀ ਏ ।
ਡੋਲ ਜਾਵੇ ਸੂਲੀ ਤੇ ਅਡੋਲ ਰਹੇ ਸੁਬੇਗ ਸਿੰਘ,
ਸੱਚ ਸੱਚ ਪੁਛੋ ਜੇ ਤੇ ਏਹੋ ਸਚੀ ਸਿਖੀ ਏ ।

ਹੋਵੇ ਜਿਹੜਾ ਇਹਦੇ ਜੋਗਾ, ਰਹੇ ਨਾ ਕਿਸੇ ਦੇ ਜੋਗਾ,
ਜੋਗੇ ਜਹੇ ਜੋਗੀਆਂ ਤੋਂ ਲਾਵਾਂ ਏਹ ਛੁੜਾ ਦਏ ।
ਸੇਹਰੇ ਸਿਰੀਂ ਲਾੜਿਆਂ ਦੇ ਬੰਨ੍ਹਦੀ ਤਤੀਰੀਆਂ ਦੇ,
ਆਰੇ ਹੇਠਾਂ ਬੈਠਿਆਂ ਨੂੰ ਖਾਰੇ ਤੇ ਚੜ੍ਹਾ ਦਏ ।
ਬੰਦ ਬੰਦ ਵਿਚ ਜਿਹੜਾ ਇਹਨੂੰ ਕਰ ਬੰਦ ਲਵੇ,
ਬਿੰਦ ਵਿਚ ਬੰਦ ਬੰਦ ਓਸਦੇ ਲੁਹਾ ਦਏ ।
ਕੱਚ ਦੇ ਪਿਆਲਿਆਂ 'ਚ ਪਾਵੇ ਨ ਪਿਆਲਕਾਂ ਨੂੰ,
ਖੱਪਰਾਂ ਦੇ ਛੰਨਿਆਂ 'ਚ ਰੱਜ ਕੇ ਪਿਆਲ ਦਏ ।

ਸਵੇਂ ਜੇ ਅੰਗਾਰਾਂ ਉਤੇ ਸਾੜ ਅੰਗਿਆਰ ਦਏ,
ਮੋੜ ਦਏ ਤੇਗ਼ਾਂ ਇਹ ਤੇਗ਼ਾਂ ਤੋਂ ਵੀ ਤਿੱਖੀ ਏ ।

- ੮੪ -