ਪੰਨਾ:ਮਾਨ-ਸਰੋਵਰ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਮਚਾਵੇਗਾ ਭੜਥੂ ਅਨ੍ਹੇਰਾਂ ਦੇ ਵਾਂਗੂੰ।
ਤੇ ਉੱਚਾ ਉਠੇਗਾ ਸੁਮੇਰਾਂ ਦੇ ਵਾਂਗੂੰ ।

ਕੀ ਹੋਇਆ ਜੇ ਤੂੰ ਪਹਿਨੀਆਂ ਨੇ ਜ਼ੰਜੀਰਾਂ ?
ਕੀ ਹੋਇਆ ਤੇਰੇ ਗਲ ’ਚ ਲਮਕਣ ਜੇ ਲੀਰਾਂ ?
ਕੀ ਹੋਇਆ ਜੇ ਰੁੱਲਿਆ ਏਂ ਵਾਂਗਰ ਫ਼ਕੀਰਾਂ ?
ਕੀ ਹੋਇਆ ਜੇ ਵਿੱਧਾ ਗ਼ੁਲਾਮੀ ਦੇ ਤੀਰਾਂ ?

ਭਬਕ ਸ਼ੇਰਾਂ ਵਾਂਗੂੰ ਤੇਰੀ ਧਾੜ ਸੱਕੇ ।
ਤੇ ਜ਼ਾਲਮ ਨੂੰ ਘੁਰਕੀ ਤੇਰੀ ਤਾੜ ਸੱਕੇ ।
ਪ੍ਰਣ-ਤੇਗ ਪੱਥਰ ਨੂੰ ਵੀ ਪਾੜ ਸੱਕੇ ।
ਨਜ਼ਰ ਤੇਰੀ ਜ਼ੰਜੀਰਾਂ ਨੂੰ ਸਾੜ ਸੱਕੇ ।

ਓ ! ਐਵੇਂ ਨਹੀਂ ਬੀਰ ਬਲਬੀਰ ਹੈਂ ਤੂੰ ।
ਜੇ ਚਲੇਂ ਤੇ ਬੰਦੇ ਦਾ ਇਕ ਤੀਰ ਹੈਂ ਤੂੰ ।
ਬਲੀ ਸ਼ਾਮ ਸਿੰਘ ਜੀ ਦੀ ਸ਼ਮਸ਼ੀਰ ਹੈਂ ਤੂੰ।
ਓ ! ਨਲੂਏ ਦੀ ਸਚਮੁਚ ਹੀ ਤਸਵੀਰ ਤੂੰ ।

ਕਿ ਬਾਵ੍ਹਾਂ ’ਚ ਤਾਕਤ ਹੈ ਬੇਜ਼ਾਰ ਤੇਰੀ,
ਮਿਆਨੇ ਪਈ ਤੜਫੇ ਤਲਵਾਰ ਤੇਰੀ ।
ਵਿਆਕੁਲ ਹੈ ਗੁੰਜਣ ਲਈ ਜੈਕਾਰ ਤੇਰੀ,
ਸਲਾਮੀ ਲਈ ਦੁਨੀਆ ਹੈ ਤਿੱਆਰ ਤੇਰੀ ।

- ੯੧ -