ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਬੋ ਲੱਗੀ ਪਿਆਰੀ ਜਿਹੜੀ ਉੱਧਲ ਕੇ ਆਈ।।

ਮਾਂ ਦਿਆ ਰਾਜਕੁਮਾਰਾ ਵੇ-

ਵੇ ਮੈਂ ਜ਼ੁਲਫਾਂ ਵਾਲੀ ਵੇ ਮੈਂ ਪੱਟੀਆਂ ਵਾਲੀ।

ਭਾਬੋ ਲੱਗੇ ਪਿਆਰੀ ਖਿੱਲਰੇ ਝਾਟੇ ਵਾਲੀ।

ਮਾਂ ਦਿਆ ਰਾਜਕੁਮਾਰਾ ਵੇ, ਤੇਰੇ ਨਾਲ ਬੁਰੀ ਕਰਾਂਗੀ ਮੈਂ।

ਵੇ ਜਾਂਨਾ ਭਾਬੀਆਂ ਵੇਹੜੇ, ਵੇ ਕੁੱਝ ਖਾ ਮਰਾਂਗੀ ਮੈਂ।

25
ਸੱਸੇ ਨਾ ਕਰ ਪੁੱਤਰ ਪੁੱਤਰ, ਇਹ ਤਾਂ ਮਾਹੀਆ ਮੇਰਾ ਨੀ,

ਨੀ ਜਦ ਪੜ੍ਹਨ ਸਕੂਲੇ ਜਾਂਦਾ ਉਦੋਂ ਪੁੱਤਰ ਤੇਰਾ ਸੀ।

ਨੀ ਹੁਣ ਤਾਂ ਉੱਚੀ ਕੁਰਸੀ ਬਹਿੰਦਾ, ਇਹ ਤਾਂ ਮਾਹੀਆ ਮੇਰਾ ਨੀ,

ਸੱਸੇ ਨਾ ਕਰ—

ਨੀ ਜਦ ਨਿੱਤ ਉਲਾਂਭੇ ਲਿਆਉਂਦਾ ਉਦੋਂ ਪੁੱਤਰ ਤੇਰਾ ਸੀ,

ਹੁਣ ਤਾਂ ਵਿੱਚ ਕਚਹਿਰੀ ਬਹਿੰਦਾ, ਇਹ ਤਾਂ ਮਾਹੀਆ ਮੇਰਾ ਨੀ।

ਨੀ ਜਦ ਟੁੱਟਿਆ ਜਿਹਾ ਸਾਈਕਲ ਚਲਾਵੇ, ਉਦੋਂ ਪੁੱਤਰ ਤੇਰਾ ਸੀ,

ਹੁਣ ਤਾਂ ਵੱਡੀਆਂ ਕਾਰਾਂ ਲਿਆਵੇ, ਇਹ ਤਾਂ ਮਾਹੀਆ ਮੇਰਾ ਨੀ।

ਨੀ ਜਦ ਬੇਬੇ ਬੇਬੇ ਸੀ ਕਰਦਾ, ਉਦੋਂ ਪੁੱਤਰ ਤੇਰਾ ਸੀ,

ਹੁਣ ਤਾਂ ਡੀਅਰ ਡੀਅਰ ਕਹਿੰਦਾ, ਇਹ ਤਾਂ ਮਾਹੀਆ ਮੇਰਾ ਨੀ।
 
ਨੀ ਜਦ ਢਿੱਲੀ ਜਹੀ ਨਿੱਕਰ ਪਾਉਂਦਾ ਉਦੋਂ ਪੁੱਤਰ ਤੇਰਾ ਸੀ,
 
ਹੁਣ ਤਾਂ ਕੋਟ ਪੈਂਟ ਨਾਲ ਜਚਦਾ, ਇਹ ਤਾਂ ਮਾਹੀਆ ਮੇਰਾ ਨੀ।

ਜਦ ਨਿੱਤ ਕਿਤਾਬਾਂ ਪਾੜਦਾ ਸੀ ਉਦੋਂ ਪੁੱਤਰ ਤੇਰਾ ਸੀ,
 
ਹੁਣ ਤਾਂ ਬਾਬੂ ਜੀ ਅਖਵਾਵੇ, ਇਹ ਤਾਂ ਮਾਹੀਆ ਮੇਰਾ ਨੀ।

104