ਪੰਨਾ:ਮਾਲਵੇ ਦੇ ਲੋਕ ਗੀਤ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੀਏ ਘਰ ਆਏ ਸੱਜਣ ਨਾਂ ਮੋੜ ਨੀ,
ਭਲੀਏ ਘਰ ਆਏ ਸੱਜਣ ਨਾ ਮੋੜ ਨੀ,
ਮਾਂ ਨੇ ਭੇਜਿਆ ਪੁੱਤ ਨਿੱਕੜਾ ਮੇਰੀ ਜਾਨ। ਮਾਂ ਨੇ ਭੇਜਿਆ-
ਮਾਏ ਦੇਵਰ ਨਾਲ ਨਾਂ ਤੋਰ ਨੀ ਭਲੀਏ,
ਦੇਵਰ ਦੇ ਨਾਲ ਨਾਂ ਤੋਰ, ਦੇਵਰ ਅੱਖਾਂ ਨੀ ਗਹਿਰੀਆਂ ਮੇਰੀ ਜਾਨ। ਦੇਵਰ ਅੱਖਾਂ-
ਧੀਏ ਮੰਦੜੇ ਬੋਲ ਨਾ ਬੋਲ ਨੀ,ਭਲੀਏ ਮੰਦੜੇ ਬੋਲ ਨਾਂ ਬੋਲ,
ਨਾਲ ਭੇਜਾਂ ਨਿੱਕੜੇ ਵੀਰ ਨੂੰ। ਮੇਰੀ ਜਾਨ ਨਾਲ ਭੇਜਾਂ-
ਮਾਏ ਲੰਘ ਚੱਲੀ ਬਾਬਲ ਦਾ ਦੇਸ,
ਨੀ ਭਲੀਏ, ਲੰਘ ਚੱਲੀ ਬਾਬਲ ਦਾ ਦੇਸ
ਵੀਰਨ ਘੋੜਾ ਨੀ ਮੋੜਿਆ,ਮੇਰੀ ਜਾਨ ਵੀਰਨ ਘੋੜਾ-
ਮਾਏ ਨਿੱਕਾ ਨਿੱਕਾ ਪੈਂਦਾ ਸੀ ਮੀਂਹ,
ਨੀ ਭਲੀਏ ਨਿੱਕਾ ਨਿੱਕਾ ਪੈਂਦਾ ਸੀ ਮੀਂਹ
ਦੇਵਰ ਤੰਬੂ ਨੀ ਤਾਣਿਆ, ਮੇਰੀ ਜਾਨ ਦੇਵਰ ਤੰਬੂ-
ਨੀ ਭਾਬੋ ਤੰਬੂ ਦੇ ਅੰਦਰ ਆ,ਨੀ ਭਲੀਏ ਤੰਬੂ ਦੇ ਅੰਦਰ ਆ।
ਤੇਰੇ ਭਿੱਜ ਗਏ ਸੂਹੇ ਨੀ ਸੋਸ਼ਨੀ। ਮੇਰੀ ਭਾਬੋ ਤੇਰੇ ਭਿੱਜ ਗਏ—
ਵੇ ਦਿਉਰਾ ਤੰਬੂ ਦੇ ਅੰਦਰ ਨਾ ਆਵਾਂ,
ਵੇ ਭਲਿਆ ਤੰਬੂ ਦੇ ਅੰਦਰ ਨਾ ਆਵਾਂ,
ਸਹੁਰੇ ਰਹਿ ਗਏ ਦੋ ਕੋਸ ਨੀ। ਮੇਰੀ ਜਾਨ ਸਹੁਰੇ ਰਹਿ ਗਏ--
ਮਾਏ ਜਾ ਰਹੀ ਸੀ ਸਹੁਰੇ ਦੇਸ, ਨੀ ਭਲੀਏ ਪਹੁੰਚ ਗਈ ਸਹੁਰੇ ਦੇਸ
ਅੱਗੇ ਰਾਝਣ ਮੱਝੀਆਂ ਸੀ ਚਾਰਦਾ। ਮੇਰੀ ਜਾਨ ਅੱਗੇ ਰਾਝਣ-
ਵੇ ਮਾਹੀ ਕੀ ਤੈਨੂੰ ਚੜ੍ਹਿਆ ਤਾਪ ਵੇ ਭਲਿਆ
ਕੀ ਤੈਨੂੰ ਝਿੜਕਿਆ ਬਾਪ
ਨਿੱਕੜਾ ਵੀਰਨ ਕਿਉਂ ਭੇਜਿਆ। ਮੇਰੀ ਜਾਨ ਨਿੱਕੜਾ ਵੀਰਨ—
ਨੀ ਨਾਜੋ ਨਾ ਮੈਨੂੰ ਚੜ੍ਹਿਆ ਸੀ ਤਾਪ ਨੀ ਭਲੀਏ
ਨਾ ਮੈਨੂੰ ਝਿੜਕਿਆ ਬਾਪ,

28