ਪੰਨਾ:ਮਾਲਵੇ ਦੇ ਲੋਕ ਗੀਤ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

19
ਬੀਬਾ ਵੇ ਧਰਤੀ ਤੇ ਅੰਬਰ ਦਾ ਪੈ ਗਿਆ ਝਗੜਾ ਕੌਣ ਜਿੱਤੇ ਕੌਣ ਹਾਰੇ ਵੇ।
ਅੰਬਰ ਕਹੇ ਮੈਂ ਜਲ ਥਲ ਕਰਦਾ,ਧਰਤੀ ਭਾਰ ਸਹਾਰੇ ਵੇ।
ਬੀਬਾ ਵੇ ਚੰਦ ਸੂਰਜ ਦੋਹੇਂ ਕਰਨ ਲੜਾਈ ਦੋਹਾਂ ਦੇ ਚਮਕਾਰੇ ਵੇ।
ਚੰਦ ਕਹੇ ਮੈਨੂੰ ਸਭ ਜੰਗ ਦੇਖੇ ਸੂਰਜ ਤਪੀਆਂ ਹਾਰੇ ਵੇ।
ਬੀਬਾ ਵੇ ਰੂਪ ਤੇ ਰੰਗ ਰੁੱਸ ਬੈਠੇ ਦੋਹੇਂ ਕੌਣ ਕਰੇ ਨਿਪਟਾਰੇ ਵੇ।
ਰੂਪ ਸ਼ੀਸ਼ੇ ਵਿੱਚ ਸਭ ਸਲਾਹੁੰਦੇ ਗੋਰੇ ਰੰਗ ਦੀ ਮਹਿਮਾਂ ਸਾਰੇ ਵੇ।
ਬੀਬਾ ਵੇ ਵੈਦਾਂ ਤੇ ਹੋਣੀ ਦੀ ਬਹਿਸ ਸੁਣੀਦੀ, ਦੋਨਾਂ ਬੋਲ ਨਿਭਾਏ ਵੇ।
ਵੈਦਾਂ ਦੇ ਹੱਥ ਰਹਿ ਗਈਆਂ ਨਬਜ਼ਾਂ, ਹੋਣੀ ਤੀਰ ਚਲਾਏ ਵੇ।
ਬੀਬਾ ਵੇ ਮਹਿੰਦੀ ਤੇ ਮੌਲੀ ਦੋਹੇਂ ਝਗ਼ੜਨ, ਆਪੇ ਕਰਨ ਨਿਬੇੜੇ ਵੇ।
ਮਹਿੰਦੀ ਕਹੇ ਮੈਨੂੰ ਸਭ ਜਗ ਲਾਵੇ, ਮੌਲੀ ਕਹੇ ਸ਼ਗਨ ਮੇਰੇ ਵੇ।
ਬੀਬਾ ਵੇ ਰੂਹ ਤੇ ਕਲਬੂਤ ਆਪਸ ਵਿੱਚ ਲੜਦੇ ਦੋਹਾਂ ਹੱਥ ਕਟਾਰਾਂ ਵੇ।
ਰੂਹ ਨੇ ਆਖਿਰ ਜਿੱਤ ਲਈ ਬਾਜ਼ੀ, ਕਲਬੂਤ ਨੇ ਮੰਨੀਆਂ ਹਾਰਾਂ ਵੇ।

20
ਅੜੀਆਂ ਨਾ ਕਰ ਵੇ ਅੜੀਆਂ ਨਾ ਕਰ ਵੇ ਅੜੀਆਂ ਤੂੰ ਕਰਦੈਂ ਨਿੱਤ ਵੇ,
ਨਿੱਤ ਭੈੜਿਆ ਸੱਜਣਾ, ਕੋਣ ਮਨਾਵੇ ਤੈਨੂੰ ਨਿੱਤ ਵੇ।
ਮਾਂ ਨਾਲ ਲੜਕੇ, ਰੋਟੀ ਨਾ ਖਾਵੇ ਚੂਰੀ ਪਈ ਛੰਨੇ ਵਿੱਚ ਵੇ।
ਵਿੱਚ ਭੈੜਿਆਂ ਸੱਜਣਾ ਕੌਣ ਮਨਾਵੇ ਤੈਨੂੰ ਨਿੱਤ ਵੇ।
ਬਾਪੂ ਨਾਲ ਲੜਕੇ ਖੇਤ ਨਾ ਜਾਵੇ, ਸੀਰੀ ਖੜਾ ਵਿਹੜੇ ਵਿੱਚ ਵੇ।
ਵਿੱਚ ਭੈੜਿਆ ਸੱਜਣਾ-
ਭੈਣ ਨਾਲ ਲੜਕੇ ਮਿਲਣ ਨਾ ਜਾਵੇ, ਖੜੀ ਉਡੀਕੇ ਬੂਹੇ ਵਿੱਚ ਵੇ।
ਵਿੱਚ ਭੈੜਿਆ ਸੱਜਣਾ-
ਭਾਈ ਨਾਲ ਰੁੱਸ ਕੇ ਪੰਡ ਨਾ ਬਨਾਵੇਂ, ਹਾਕਾਂ ਮਾਰੇ ਖੇਤਾਂ ਵਿੱਚ ਵੇ।
ਵਿੱਚ ਭੈੜਿਆ ਸੱਜਣਾ-

35