ਪੰਨਾ:ਮਾਲਵੇ ਦੇ ਲੋਕ ਗੀਤ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਤੇਰੀ ਭਾਬੋ ਬੁਰੀ ਵੇ ਜੋਗੀ ਲੈ, ਹੂੰ, ਲੈ ਹਾਂ ਵੇ ਜੋਗੀ,
ਕੰਮ ਤੋਂ ਵੱਟਦੀ ਰਹਿੰਦੀ ਟਾਲਾ
ਮੈਂ ਵਾਰੀ ਵੇ ਜੋਗੀ ਕੰਮ ਤੋਂ ਵੱਟਦੀ ਰਹਿੰਦੀ ਟਾਲਾ।
ਇੱਕ ਤੂੰ ਆਪ ਬੁਰਾ ਵੇ ਜੋਗੀ ਲੈ ਹੂੰ ਲੈ ਹਾਂ ਵੇ ਜੋਗੀ,
ਗੱਲ ਦਾ ਨਾ ਭਰੇ ਹੁੰਗਾਰਾ
ਮੈਂ ਵਾਰੀ ਵੇ ਜੋਗੀ ਗੱਲ ਦਾ ਨਾ ਭਰੇ ਹੁੰਗਾਰਾ।
ਇੱਕ ਏਥੇ ਮੈਂ ਹੀ ਭਲੀ ਵੇ ਜੋਗੀ, ਲੈ ਹੂੰ ,ਲੈ ਹਾਂ ,ਵੇ ਜੋਗੀ,
ਰਲ਼ ਮਿਲ਼ ਕਰਦੀ ਗੁਜ਼ਾਰਾ
ਮੈਂ ਵਾਰੀ ਵੇ ਜੋਗੀ ਰਲ ਮਿਲ ਕਰਦੀ ਗੁਜ਼ਾਰਾ।

30
ਸੂਰਜ ਚੜ੍ਹਿਆ ਸਾਹਮਣੇ ਮੈਂ ਵੀ ਲਿਸ਼ਕੇ ਤੋਂ ਡਰੀ ਵੇ
ਡਰੀ ਵੇ ਸਿਪਾਹੀਆ ਬਾਲਮਾਂ ਮੈਂ ਵੀ ਲਿਸ਼ਕੇ ਤੋਂ ਡਰੀ ਵੇ।
ਜੇ ਤੂੰ ਪੁੱਤ ਵਜ਼ੀਰ ਦਾ ਮੈਂ ਵੀ ਰਾਜੇ ਦੀ ਜਾਈਂ ਵੇ,
ਜਾਈ ਵੇ ਸਿਪਾਹੀਆ ਬਾਲਮਾਂ, ਮੈਂ ਵੀ ਰਾਜੇ ਦੀ ਜਾਈ ਵੇ।
ਜੋ ਤੂੰ ਪੜ੍ਹਿਆ ਫਾਰਸੀ, ਮੈਂ ਵੀ ਲਾਹੌਰ ਤੋਂ ਪੜ੍ਹੀ ਵੇ,
ਪੜ੍ਹੀ ਵੇ ਸਿਪਾਹੀਆ ਬਾਲਮਾਂ ਮੈਂ ਵੀ ਲਾਹੌਰ ਤੋਂ ਪੜ੍ਹੀ ਵੇ।
ਜੇ ਤੂੰ ਫੁੱਲ ਗੁਲਾਬ ਦਾ, ਮੈਂ ਵੀ ਚੰਬੇ ਦੀ ਕਲੀ ਵੇ,
ਕਲੀ ਵੇ ਸਿਪਾਹੀਆ ਬਾਲਮਾਂ, ਮੈਂ ਵੀ ਚੰਬੇ ਦੀ ਕਲੀ ਵੇ।
ਜੇ ਤੂੰ ਘੋੜ ਸਵਾਰ ਹੈ ਮੈਂ ਵੀ ਸਕੂਟਰ ਤੇ ਚੜੀ ਵੇ,
ਚੜੀ ਵੇ ਸਿਪਾਹੀਆ ਬਾਲਮਾਂ, ਮੈਂ ਵੀ ਸਕੂਟਰ ਤੇ ਚੜ੍ਹੀ ਵੇ।
ਤੂੰ ਹੀਰਾ ਕੋਹੇਨੂਰ ਦਾ ਮੈਂ ਵੀ ਸੋਨੇ ਦੀ ਡਲੀ ਵੇ,
ਡਲੀ ਵੇ ਸਿਪਾਹੀਆ ਬਾਲਮਾਂ, ਮੈਂ ਵੀ ਸੋਨੇ ਦੀ ਡਲੀ ਵੇ।
ਜੇ ਤੂੰ ਸੌਵੇਂ ਪਲੰਘ ਨਵਾਰ ਤੇ ਮੈਂ ਸੌਂਵਾਂ ਮਖਮਲੀ ਦਰੀ ਵੇ,
ਦਰੀ ਵੇ ਸਿਪਾਹੀਆ ਬਾਲਮਾਂ ਸੌਂਵਾਂ ਮਖ਼ਮਲੀ ਦਰੀ ਵੇ।

42