ਪੰਨਾ:ਮਾਲਵੇ ਦੇ ਲੋਕ ਗੀਤ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਸਿਰ ਸਾਲੂ ਨਾ ਪੈਂਰੀ ਜੁੱਤੀ,
ਦੂਰ ਵਸੰਦਿਆਂ ਵੇ ਸੱਜਣਾ।
ਬੀਬਾ ਵੇ ਬਾਪ ਤੇਰੇ ਨੇ ਜ਼ੁਲਮ ਕਮਾਇਆ,
ਆਪ ਬੈਠਾ ਘਰੇ ਤੈਨੂੰ ਨੌਕਰ ਕਰਾਇਆ,ਦੂਰ ਵਸੰਦਿਆਂ ਵੇ ਸੱਜਣਾ।
ਬੀਬਾ ਵੇ ਮਾਂ ਤੇਰੀ ਨੇ ਜੁਲਮ ਕਮਾਇਆ,
ਆਪ ਬੈਠੀ ਪੀਹੜੇ ਮੈਨੂੰ ਚੌਕੀ ਤੇ ਲਾਇਆ,ਦੂਰ ਵਸਦਿਆਂ ਵੇ ਸੱਜਣਾ।
ਬੀਬਾ ਵੇ ਤੇਰੀ ਭੈਣ ਨੇ ਜ਼ੁਲਮ ਕਮਾਇਆ,
ਆਪ ਪਈ ਸੁੱਤੀ ਸਾਨੂੰ ਕਸੀਦੇ ਤੇ ਲਾਇਆ,ਦੂਰ ਵਸਦਿਆਂ ਵੇ ਸੱਜਣਾ।
ਬੀਬਾ ਵੇ ਭਾਬੀ ਤੇਰੀ ਨੇ ਜ਼ੁਲਮ ਕਮਾਇਆ,
ਆਪ ਖਾਵੇ ਚੋਹਲੇ ਸਾਨੂੰ ਚੁੱਲੇ ਤਪਾਇਆ,ਦੂਰ ਵਸਦਿਆਂ ਵੇ ਸੱਜਣਾ।
ਬੀਬਾ ਵੇ ਤੂੰ ਵੀ ਸਾਡੇ ਨਾਲ ਕਹਿਰ ਕਮਾਇਆ,
ਆਪ ਵਸੇ ਪ੍ਰਦੇਸ਼ ਸਾਨੂੰ ਖਤ ਵੀ ਨਾ ਪਾਇਆ,ਦੂਰ ਵਸੰਦਿਆਂ ਵੇ ਸੱਜਣਾ।

38
ਇੱਕ ਮੇਰੇ ਗੂੰਗੇ ਨੂੰ ਕੁੜਤਾ ਸਵਾ ਦਿਓ ਨੀ,
ਨੀ ਭੈੜਾ ਨੰਗੇ ਗਲ ਫਿਰਦਾ, ਨੀ ਭੈੜਾ ਨੰਗੇ ਗਲ ਫਿਰਦਾ
ਇਹਨਾਂ ਮਾਪਿਆਂ ਦਾ ਕੀ ਗਿਆ ਨੀ, ਸਹੇੜ ਗੂੰਗਾ
ਲਿਆ ਨੀ ਨਾਈਆਂ ਡੂੰਮਾਂ ਦਾ ਕੀ ਗਿਆ ਨੀ,ਚਟੱਕ ਪੈਸਾ ਲਿਆ,
ਨੀ ਮੈਂ ਗੂੰਗੇ ਦੇ ਨਾਲ ਨਾ ਜਾਵਾਂ ਨੀ
ਕੁੜੀਓ, ਨੀ ਮੈਂ ਗੂੰਗੇ ਨੂੰ ਵੇਚ ਕੇ ਆਵਾਂ—ਨੀ ਕੁੜੀਓ
ਇੱਕ ਮੇਰੇ ਗੂੰਗੇ ਨੂੰ ਚੀਰਾ ਰੰਗਾਂ ਦਿਓ ਨੀ,
ਨੀ ਭੈੜਾ ਨੰਗੇ ਸਿਰ ਫਿਰਦਾ,ਨੀ ਭੈੜਾ ਨੰਗੇ ਸਿਰ ਫਿਰਦਾ
ਇਹਨਾਂ ਮਾਪਿਆਂ ਦਾ ਕੀ ਗਿਆ ਨੀ,
ਸਹੇੜ ਗੂੰਗਾ ਲਿਆ ਨੀ,ਨਾਈਆਂ ਡੂੰਮਾਂ ਦਾ ਕੀ ਗਿਆ
ਨੀ, ਚਟੱਕ ਪੈਸਾ ਲਿਆ ਨੀ,

47