ਪੰਨਾ:ਮਾਲਵੇ ਦੇ ਲੋਕ ਗੀਤ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਗੂੰਗੇ ਦੇ ਨਾਲ ਨਾ ਜਾਂਵਾ ਨੀ ਕੁੜੀਓ ਨੀ
ਮੈਂ ਗੂੰਗੇ ਨੂੰ ਵੇਚ ਕੇ ਆਵਾਂ-
ਇੱਕ ਮੇਰੇ ਗੂੰਗੇ ਨੂੰ ਜੁੱਤੀ ਲਿਆ ਦਿਓ ਨੀ,
ਨੀ ਭੈੜਾ ਨੰਗੇ ਪੈਰੀਂ ਫਿਰਦਾ,
ਨੀ ਭੈੜਾ ਨੰਗੇ ਪੈਂਰੀ ਫਿਰਦਾ, ਇਹਨਾਂ ਮਾਪਿਆਂ ਦਾ ਕੀ ਗਿਆ ਨੀ,
ਸਹੇੜ ਗੂੰਗੇ ਲਿਆ ਨੀ, ਨਾਈਆਂ ਡੂੰਮਾਂ ਦਾ ਕੀ ਗਿਆ ਨੀ,
ਚਟੱਕ ਪੈਸਾ ਲਿਆ ਨੀ
ਮੈਂ ਗੂੰਗੇ ਦਾ ਨਾਲ ਨਾ ਜਾਵਾਂ ਨੀ ਕੁੜੀਓ,
ਨੀ ਮੈਂ ਗੂੰਗੇ ਨੂੰ ਵੇਚ ਕੇ ਆਵਾਂ ਨੀ ਕੁੜੀਓ-

39
ਮਾਏ ਸੰਤ ਪ੍ਰਾਹੁਣੇ ਆ ਗਏ, ਭਲੀਏ ਸੰਤ ਪ੍ਰਾਹੁਣੇ ਆ ਗਏ,
ਕਰਲੈ ਸੰਤਾਂ ਨੂੰ ਭੋਜਨ ਤਿਆਰ, ਸੰਤ ਮਿਲਾ ਦਿੰਦੇ ਜੀ ਰਾਮ ਨੂੰ।
ਧੀਏ ਸੰਤਾਂ ਦਾ ਬਹਿਣਾ ਛੋੜ ਦੇ ਭਲੀਏ, ਸੰਤਾਂ ਦਾ ਕਹਿਣਾ ਮੋੜ ਦੇ,
ਤੇਰੇ ਲੱਗ ਜਾਊ ਪਿਤਾ ਜੀ ਨੂੰ ਲਾਜ, ਸੰਤ ਮਿਲਾਉਂਦੇ ਨਾਂ ਰਾਮ ਨੂੰ।
ਮਾਏ ਸੰਤਾਂ ਦਾ ਬਹਿਣਾ ਨਾ ਛੋੜਾਂ ਭਲੀਏ ਸੰਤਾਂ ਦਾ ਕਹਿਣਾ ਨਾ ਮੋੜਾਂ,
ਭਾਂਵੇ ਲੱਗ ਜਾਏ ਪਿਤਾ ਜੀ ਨੂੰ ਲਾਜ,ਸੰਤ ਮਿਲਾ ਦਿੰਦੇ ਜੀ ਰਾਮ ਨੂੰ।
ਧੀਏ ਜ਼ਹਿਰ ਪਿਆਲਾ ਘੋਲੂ ਲੈ, ਭਲੀਏ ਜਹਿਰ ਪਿਆਲਾ ਮੂੰਹ ਨੂੰ ਲਾ,
ਤੂੰ ਤਾਂ ਪੀਅਦੜੀਓ ਈ ਮਰ ਜਾਹ, ਸੰਤ ਮਿਲਾਉਦੇਂ ਨਾਂ ਰਾਮ ਨੂੰ।
ਮਾਏ ਜ਼ਹਿਰ ਪਿਆਲਾ ਘੋਲ ਲਿਆ, ਜ਼ਹਿਰ ਪਿਆਲਾ ਪੀ ਲਿਆ,
ਉਹ ਤਾਂ ਬਣ ਗਿਆ ਗੰਗਾ ਜੀ ਦਾ ਨੀਰ, ਸੰਤ ਮਿਲਾ ਦਿੰਦੇ ਜੀ ਰਾਮ ਨੂੰ।
ਧੀਏ ਖੂਹ ਟੋਭਾ ਕੋਈ ਭਾਲ਼ ਲੈ, ਧੀਏ ਖੂਹ ਟੋਭੇ ਵਿੱਚ ਡੁੱਬ ਜਾਹ,
ਤੂੰ ਤਾਂ ਜਾਂਦੀਈਓ ਮਰ ਜਾਹ, ਸੰਤ ਮਿਲਾਉਂਦੇ ਨਾ ਰਾਮ ਨੂੰ।
ਮਾਏ ਖੂਹ ਟੋਭਾ ਵੀ ਭਾਲ ਲਿਆ,ਭਲੀਏ ਖੂਹ ਟੋਬੇ ਵਿੱਚ ਡੁੱਬਣ ਲੱਗੀ,
ਉਹਤਾਂ ਨਿਕਲਿਆ ਸੁਰਗ ਤਲਾਅ, ਸੰਤ ਮਿਲਾ ਦਿੰਦੇ ਜੀ ਰਾਮ ਨੂੰ।

48