ਸਮੱਗਰੀ 'ਤੇ ਜਾਓ

ਪੰਨਾ:ਮਾਲਵੇ ਦੇ ਲੋਕ ਗੀਤ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

5
ਕੋਠਾ ਕਿਉਂ ਨਿਮਿਆ, ਕੋਠਾ ਕਿਉਂ ਨਿਮਿਆ,

ਇਸ ਕੋਠੇ ਦੀ ਛੱਤ ਪੁਰਾਣੀ ਕੋਠਾ ਸਾਡਾ ਤਾਂ ਨਿਮਿਆ।

ਬਾਬਲ ਕਿਉਂ ਨਿਮਿਆ ਧਰਮੀ ਕਿਉਂ ਨਿਮਿਆ।

ਇਸ ਬਾਬਲ ਦੀ ਕੰਨਿਆ ਕੁਆਰੀ, ਧਰਮੀ ਬਾਬਲ ਤਾਂ ਨਿਮਿਆ।

ਵੀਰਾ ਕਿਉਂ ਨਿਮਿਆ, ਧਰਮੀ ਕਿਉਂ ਨਿਮਿਆ,

ਇਸ ਵੀਰੇ ਦੀ ਭੈਣ ਕੁਆਰੀ, ਧਰਮੀ ਵੀਰਾ ਤਾਂ ਨਿਮਿਆ।

ਅੰਬਾਂ ਤੇ ਤੂਤਾਂ ਦੀ ਵਾੜ ਕਰੋ, ਜੰਨ ਨੇੜੇ ਨੇੜੇ।

ਬੀਬੀ ਦੇ ਬਾਬਲ ਨੂੰ ਖਬਰ ਕਰੋ, ਜੰਨ ਨੇੜੇ ਨੇੜੇ।
 
ਪੱਟੀਆਂ ਤੇ ਕੋਰਿਆਂ ਦੀ ਫ਼ਿਕਰ ਕਰੋ, ਜੰਨ ਨੇੜੇ ਨੇੜੇ।

ਬੀਬੀ ਦੇ ਚਾਚਿਆਂ ਨੂੰ ਖ਼ਬਰ ਕਰੋ, ਜੰਨ ਨੇੜੇ ਨੇੜੇ।

6
ਹਰੀਏ ਨੀ ਰਸ ਭਰੀਏ ਖਜੂਰੇ ਕਿਹਨੇ ਦਿੱਤਾ ਇੰਨੀ ਦੂਰੇ।

ਬਾਬਲ ਤਾਂ ਮੇਰਾ ਦੇਸ਼ਾਂ ਦਾ ਰਾਜਾ ਉਹਨੇ ਦਿੱਤਾ ਐਨੀ ਦੂਰੇ।

ਹਰੀਏ ਨੀ ਰਸ ਭਰੀਏ ਖਜੂਰੇ ਕਿਹਨੇ ਦਿੱਤਾ ਇੰਨੀ ਦੂਰੇ।

ਤਾਇਆ ਤਾਂ ਮੇਰਾ ਦੇਸ਼ਾਂ ਦਾ ਰਾਜਾ ਉਹਨੇ ਦਿੱਤਾ ਐਨੀ ਦੂਰੇ।

ਹਰੀਏ ਨੀ ਰਸ ਭਰੀਏ ਖਜੂਰੇ ਕਿਹਨੇ ਦਿੱਤਾ ਇੰਨੀ ਦੂਰੇ।

ਮਾਮਾ ਤਾਂ ਮੇਰਾ ਦੇਸ਼ਾਂ ਦਾ ਰਾਜਾ ਉਹਨੇ ਦਿੱਤਾ ਐਨੀ ਦੂਰੇ।

7
ਉੱਡੀਆਂ ਤਾਂ ਕੂੰਜਾਂ ਨੀ ਸਈਓ ਆਪਨੜੇ ਦੇਸ਼ ਨੂੰ।

ਮੇਰਾ ਮਨ ਲੋਚੇ ਨੀ ਅੜੀਓ ਬਾਬਲ ਦੇ ਦੇਸ਼ ਨੂੰ।

ਬਾਬਲ ਨੂੰ ਚੜ੍ਹੀਆਂ ਖੁਸ਼ੀਆਂ ਧੀਆਂ ਨੂੰ ਦੇਖ ਕੇ।

77