ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੀ ਜਾਂ ਤਾਂ ਉਸਦੇ ਲਾਭ ਵਿੱਚ ਬਦਲ ਸਕਦੀ ਸੀ ਜਾਂ ਉਹ ਖੁਦ ਉਸਦੇ ਅਨੁਸਾਰ ਢਲ ਜਾਂਦਾ। ਪਰ ਵਾਰਡਰ ਨੇ ਨਜ਼ਰ ਅੰਦਾਜ਼ੀ ਦੇ ਭਾਵ ਨਾਲ ਕਿਹਾ, "ਇਹ ਵੀ ਤੈਨੂੰ ਪਤਾ ਲੱਗ ਜਾਵੇਗਾ।"

ਉਦੋਂ ਹੀ ਫ਼ਰਾਂਜ਼ ਨੇ ਦਖ਼ਲ ਦਿੱਤਾ- "ਵਿਲੀਅਮ ਹੁਣ ਵੇਖ! ਉਹ ਮੰਨ ਵੀ ਰਿਹਾ ਹੈ ਕਿ ਉਹ ਕਾਨੂੰਨ ਨੂੰ ਨਹੀਂ ਜਾਣਦਾ ਅਤੇ ਫ਼ਿਰ ਵੀ ਕਹਿੰਦਾ ਹੈ ਕਿ ਉਹ ਅਪਰਾਧੀ ਨਹੀਂ ਹੈ।"

"ਤੂੰ ਸਹੀ ਕਹਿ ਰਿਹਾ ਏਂ ਪਰ ਫਿਰ ਵੀ ਕੋਈ ਇਸਨੂੰ ਸਮਝਾਉਣ ਤੋਂ ਤਾਂ ਰਿਹਾ।" ਦੂਜਾ ਬੋਲਿਆ। ਕੇ. ਨੇ ਕੋਈ ਜਵਾਬ ਨਾ ਦਿੱਤਾ। ਉਹ ਸੋਚਣ ਲੱਗਾ ਕਿ ਕੀ ਉਹ ਹੇਠਲੇ ਪੱਧਰ ਦੇ ਇਹਨਾਂ ਮੁਲਾਜ਼ਮਾਂ ਦੀਆਂ ਬੇਹੂਦਾ ਗੱਲਾਂ ਦੇ ਜੰਜਾਲ ਵਿੱਚ ਖੁਦ ਨੂੰ ਉਲਝਾ ਲਵੇ? ਉਹ ਆਪ ਹੀ ਤਾਂ ਮੰਨ ਰਹੇ ਹਨ ਕਿ ਉਹ ਕੀ ਹਨ। ਫ਼ਿਰ ਵੀ ਉਹ ਉਹਨਾਂ ਚੀਜ਼ਾਂ ਦੇ ਬਾਰੇ ਗੱਲ ਕਰ ਰਹੇ ਹਨ, ਜਿਹਨਾਂ ਬਾਰੇ ਉਹ ਆਪ ਵੀ ਕੁੱਝ ਨਹੀਂ ਜਾਣਦੇ। ਉਹਨਾਂ ਨੂੰ ਆਪਣੀ ਮੂਰਖਤਾ ਉੱਪਰ ਹੀ ਭਰੋਸਾ ਹੈ। ਆਪਣੀ ਬੁੱਧੀਜੀਵੀ ਸ਼੍ਰੇਣੀ ਦੇ ਕਿਸੇ ਇੱਕ ਵੀ ਵਿਅਕਤੀ ਨਾਲ ਥੋੜ੍ਹੀ ਜਿਹੀ ਗੱਲ ਕਰਨ 'ਤੇ ਹੀ ਸਭ ਕੁੱਝ ਸਾਫ਼ ਹੋ ਜਾਵੇਗਾ, ਇਸਦੀ ਬਜਾਏ ਇਹਨਾਂ ਨਾਲ ਘੰਟਿਆਂ-ਬੰਧੀ ਗੱਲ ਕੀਤੀ ਜਾਵੇ।

ਕੁੱਝ ਮਿੰਟਾਂ ਤੱਕ ਉਹ ਕਮਰੇ ਦੇ ਖ਼ਾਲੀ ਹਿੱਸਿਆਂ 'ਚ ਇੱਧਰ-ਉੱਧਰ ਘੁੰਮਿਆ ਅਤੇ ਗ਼ਲੀ ਦੇ ਬਾਹਰ ਉਸਨੇ ਇੱਕ ਬੁੱਢੀ ਔਰਤ ਨੂੰ ਵੇਖਿਆ ਜਿਹੜੀ ਆਪਣੇ ਤੋਂ ਜ਼ਿਆਦਾ ਬੁੱਢੇ ਇੱਕ ਆਦਮੀ ਨੂੰ ਖਿੜਕੀ ਤੱਕ ਖਿੱਚ ਕੇ ਲੈ ਆਈ ਸੀ ਤੇ ਉਸ ਨਾਲ ਚਿੰਬੜੀ ਖੜੀ ਸੀ। ਕੇ. ਸੋਚ ਰਿਹਾ ਸੀ ਕਿ ਇਸ ਸਭ ਦਾ ਉਸਨੂੰ ਹੁਣ ਅੰਤ ਕਰ ਦੇਣਾ ਚਾਹੀਦਾ ਹੈ।

"ਮੈਨੂੰ ਆਪਣੇ ਤੋਂ ਸੀਨੀਅਰ ਅਧਿਕਾਰੀ ਕੋਲ ਲੈ ਚੱਲੋ।" ਉਸਨੇ ਕਿਹਾ।

"ਜਦੋਂ ਵੀ ਉਹ ਸਾਨੂੰ ਅਜਿਹਾ ਕਰਨ ਲਈ ਕਹਿਣਗੇ, ਉਸ ਤੋਂ ਪਹਿਲਾਂ ਬਿਲਕੁਲ ਨਹੀਂ।" ਵਿਲੀਅਮ ਨਾਮ ਦੇ ਵਾਰਡਰ ਨੇ ਕਿਹਾ- "ਅਤੇ ਹੁਣ ਮੈਂ ਤੈਨੂੰ ਕਹਿੰਦਾ ਹਾਂ ਕਿ ਆਪਣੇ ਕਮਰੇ ਵਿੱਚ ਜਾ ਕੇ ਚੁੱਪ ਕਰਕੇ ਬੈਠ ਅਤੇ ਆਪਣੇ ਬਾਰੇ ਹੋਣ ਵਾਲੇ ਫ਼ੈਸਲੇ ਦੀ ਉਡੀਕ ਕਰ। ਸਾਡੀ ਤੈਨੂੰ ਬੇਨਤੀ ਹੈ ਕਿ ਖ਼ੁਦ ਨੂੰ ਇਹਨਾਂ ਫਾਲਤੂ ਗੱਲਾਂ ਤੋਂ ਦੂਰ ਰੱਖ। ਆਪਣੇ ਆਪ ਨੂੰ ਸੰਭਾਲ ਕਿਉਂਕਿ ਅਜੇ ਬੁਰਾ ਵਕਤ ਆਉਣ ਵਾਲਾ ਹੈ। ਸਾਡੇ ਦਿਆਲੂ ਸੁਭਾਅ ਦੀ ਤੈਨੂੰ ਬਿਲਕੁਲ ਵੀ ਕਦਰ ਨਹੀਂ। ਤੂੰ ਭੁੱਲ ਗਿਆ ਏਂ ਕਿ ਅਸੀਂ ਹੋਰ ਭਾਵੇਂ ਕੁੱਝ ਵੀ ਹੋਈਏ ਪਰ ਘੱਟ ਤੋਂ ਘੱਟ ਤੇਰੇ ਮੁਕਾਬਲੇ

16