ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਚ ਆਜ਼ਾਦ ਵਿਅਕਤੀ ਤਾਂ ਹਾਂ ਹੀ। ਸਾਨੂੰ ਇਹੀ ਫ਼ਾਇਦਾ ਹੈ। ਪਰ, ਜੇ ਤੇਰੇ ਕੋਲ ਥੋੜੇ ਬਹੁਤ ਪੈਸੇ ਹਨ ਤਾਂ ਅਸੀਂ ਤੇਰੇ ਲਈ ਸਾਹਮਣੇ ਕੈਫ਼ੇ ਤੋਂ ਕੁੱਝ ਖਾਣ ਲਈ ਲਿਆ ਸਕਦੇ ਹਾਂ।"

ਇਸਦਾ ਕੁੱਝ ਵੀ ਜਵਾਬ ਦਿੱਤੇ ਬਿਨ੍ਹਾਂ ਕੇ. ਥੋੜ੍ਹੀ ਦੇਰ ਚੁੱਪਚਾਪ ਖੜਾ ਰਿਹਾ। ਸ਼ਾਇਦ ਜੇਕਰ ਉਹ ਅਗਲੇ ਕਮਰੇ ਦਾ ਬੂਹਾ ਖੋਲੇ ਜਾਂ ਵੱਡੇ ਕਮਰੇ ਤੱਕ ਦਾ, ਤਾਂ ਉਹਨਾਂ ਦੋਵਾਂ ਵਿੱਚੋਂ ਕਿਸੇ ਦੀ ਵੀ ਹਿੰਮਤ ਉਸਨੂੰ ਰੋਕਣ ਦੀ ਨਹੀਂ ਹੋਵੇਗੀ। ਸ਼ਾਇਦ ਇਸ ਸਮੱਸਿਆ ਦਾ ਸਭ ਤੋਂ ਸੌਖਾ ਹੱਲ ਇਹੀ ਹੋਵੇਗਾ ਕਿ ਚੀਜ਼ਾਂ ਨੂੰ ਆਖ਼ੀਰਲੇ ਸਿਰੇ ਤੱਕ ਖਿੱਚਿਆ ਜਾਵੇ। ਪਰ ਅਸਲ 'ਚ ਸ਼ਾਇਦ ਉਹਨਾਂ ਨੂੰ ਗੁੱਸਾ ਚੜ੍ਹ ਜਾਵੇ ਅਤੇ ਜੇ ਉਹਨਾਂ ਨੇ ਇੱਕ ਵਾਰ ਉਸਨੂੰ ਹੇਠਾਂ ਸੁੱਟ ਲਿਆ ਤਾਂ ਇੱਕ ਤਰ੍ਹਾਂ ਨਾਲ ਉਸਦਾ ਉਹਨਾਂ ਉੱਪਰ ਜਿਹੜਾ ਥੋੜ੍ਹਾ ਬਹੁਤ ਦਬਾਅ ਹੈ, ਉਹ ਵੀ ਹਟ ਜਾਵੇਗਾ। ਇਸ ਲਈ ਉਸਨੇ ਘਟਨਾਵਾਂ ਨੂੰ ਆਪਣਾ ਰਾਹ ਬਣਾ ਲੈਣ ਦਾ ਫ਼ੈਸਲਾ ਕੀਤਾ ਅਤੇ ਕੋਈ ਹੋਰ ਸ਼ਬਦ ਕਹੇ-ਸੁਣੇ ਬਿਨ੍ਹਾਂ ਵਾਪਸ ਆਪਣੇ ਕਮਰੇ ਵਿੱਚ ਚਲਾ ਗਿਆ।

ਉਸਨੇ ਬਿਸਤਰੇ ਉੱਪਰ ਡਿੱਗ ਕੇ, ਪਿਛਲੇ ਦਿਨ ਸਵੇਰ ਦੇ ਖਾਣੇ ਲਈ ਰੱਖਿਆ ਸੇਬ ਚੁੱਕਿਆ। ਹੁਣ ਖਾਣ ਲਈ ਉਸਦੇ ਕੋਲ ਇਹੀ ਕੁੱਝ ਸੀ। ਫ਼ਿਰ (ਸੇਬ ਉੱਪਰ ਦੰਦ ਗੱਡਣ ਵੇਲੇ ਉਸਨੇ ਖ਼ੁਦ ਨੂੰ ਤਸੱਲੀ ਦਿੱਤੀ। ਇਹ ਉਸ ਗੰਦੇ ਕੈਫ਼ੇ ਤੋਂ, ਉਹਨਾਂ ਦੁਆਰਾ ਅਹਿਸਾਨ ਦੇ ਤੌਰ 'ਤੇ, ਲਿਆਂਦੇ ਜਾਣ ਵਾਲੇ ਖਾਣੇ ਤੋਂ ਤਾਂ ਬਿਹਤਰ ਹੀ ਸੀ। ਉਸਨੇ ਕੁੱਝ ਆਰਾਮ ਮਹਿਸੂਸ ਕੀਤਾ ਅਤੇ ਇਸ ਨਾਲ ਉਸਨੂੰ ਕੁੱਝ ਹੌਸਲਾ ਵੀ ਹੋਇਆ। ਹਾਂ, ਅੱਜ ਸਵੇਰੇ ਬੈਂਕ ਵਿੱਚ ਉਸਦੇ ਕੰਮ ਵਿੱਚ ਇੱਕ ਗ਼ਲਤੀ ਨਿਕਲਣ ਵਾਲੀ ਸੀ, ਪਰ ਬੈਂਕ ਵਿੱਚ ਉਸਦੇ ਉੱਚ ਅਹੁਦੇ ਅਤੇ ਰਸੂਖ਼ ਕਾਰਨ ਇਹ ਮੁਆਫ਼ੀ ਯੋਗ ਵੀ ਸੀ। ਜਾਂ ਉਹ ਆਪਣੀ ਅਸਲ ਸਥਿਤੀ ਉੱਥੇ ਸਾਫ਼ ਕਰੇ? ਉਸਦੀ ਇਹੀ ਇੱਛਾ ਸੀ। ਜੇਕਰ ਲੋਕ ਉਸਦਾ ਵਿਸ਼ਵਾਸ ਨਾ ਕਰਨ (ਜਿਹੜਾ ਇਸ ਸਥਿਤੀ ਮੁਤਾਬਕ ਮੁਮਕਿਨ ਸੀ) ਤਾਂ ਉਹ ਫ਼ਰਾਅ ਗਰੁਬਾਖ਼ ਜਾਂ ਸੜਕ ਦੇ ਪਾਰ ਰਹਿਣ ਵਾਲੇ ਦੋ ਬੁੱਢੇ ਲੋਕਾਂ ਨੂੰ ਵੀ ਸਥਿਤੀ ਸਾਫ਼ ਕਰਨ ਲਈ ਕਹਿ ਸਕਦਾ ਹੈ, ਜਿਹੜੇ ਇਸ ਵੇਲੇ ਸਾਹਮਣੇ ਵਾਲੀ ਖਿੜਕੀ ਦੇ ਕੋਲ ਖੜੇ ਹੋਣਗੇ।

ਕੇ. ਨੂੰ ਇਸ ਤੋਂ ਹੈਰਾਨੀ ਹੋਈ (ਘੱਟੋ-ਘੱਟ ਵਾਰਡਰਾਂ ਦੇ ਨਜ਼ਰੀਏ ਤੋਂ ਉਹ ਹੈਰਾਨ ਸੀ) ਕਿ ਉਹਨਾਂ ਨੇ ਉਸਨੂੰ ਕਮਰੇ ਵਿੱਚ ਵਾਪਸ ਜਾਣ ਲਈ ਕਹਿ ਦਿੱਤਾ ਸੀ, ਜਿੱਥੇ ਉਹ ਇੱਕਲਤਾ 'ਚ ਆਪਣੀ ਤਰ੍ਹਾਂ ਦੀ ਜ਼ਿੰਦਗੀ ਜਿਓਂ ਸਕਦਾ ਸੀ। ਪਰ ਇਸੇ ਵੇਲੇ ਉਸਨੇ ਖ਼ੁਦ ਤੋਂ ਸਵਾਲ ਕੀਤਾ। ਇਸ ਪੂਰੀ ਸਮੱਸਿਆ ਤੇ ਆਪਣੇ ਤਰੀਕੇ ਨਾਲ

17