ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਵਿਕਾਸ ਕੀ ਹੈ। ਪਹਿਲੀ ਦਲੀਲ 'ਤੇ ਜ਼ਿਆਦਾ ਕੰਮ ਕੀਤਾ ਜਾ ਰਿਹਾ ਸੀ, ਪਰ ਇਹ ਕਦੇ ਖ਼ਤਮ ਨਾ ਹੋਣ ਵਾਲਾ ਸੀ, ਅਤੇ ਅਗਲੀ ਮੁਲਾਕਾਤ ਵਿੱਚ ਇਸਨੂੰ ਵਧੇਰੇ ਲਾਭਕਾਰੀ ਹੋਣਾ ਵਿਖਾਇਆ ਜਾਂਦਾ ਸੀ, ਕਿਉਂਕਿ ਅਜਿਹੇ ਕਾਰਨ ਜਿਹਨਾਂ ਦੀ ਦੂਰਅੰਦੇਸ਼ੀ ਸੰਭਵ ਨਹੀਂ ਸੀ, ਪਿਛਲੇ ਦਿਨਾਂ ਵਿੱਚ ਪੇਸ਼ ਕੀਤੇ ਜਾਣ ਦਾ ਸਭ ਤੋਂ ਢੁੱਕਵਾਂ ਸਮਾਂ ਸੀ। ਜੇਕਰ ਕਦੇ ਕੇ. ਇਹਨਾਂ ਭਾਸ਼ਣਾਂ ਤੋਂ ਅੱਕ ਕੇ ਇਹ ਕਹਿ ਦਿੰਦਾ ਕਿ ਇਹਨਾਂ ਮੁਸ਼ਕਿਲ ਮਾਨਤਾਵਾਂ ਨੂੰ ਵੇਖਦੇ ਹੋਏ ਇਹ ਤਾਂ ਤੈਅ ਹੈ ਕਿ ਵਿਕਾਸ ਬਹੁਤ ਹੌਲੀ ਹੈ, ਤਾਂ ਉਲਟਾ ਜਵਾਬ ਮਿਲਦਾ ਕਿ ਵਿਕਾਸ ਬਹੁਤ ਹੌਲੀ ਨਹੀਂ ਹੈ। ਅਤੇ ਜੇਕਰ ਕੇ. ਢੁੱਕਵੇਂ ਸਮੇਂ ਵਿੱਚ ਵਕੀਲ ਦੀ ਸ਼ਰਨ ਵਿੱਚ ਆ ਗਿਆ ਹੁੰਦਾ ਤਾਂ ਸਥਿਤੀ ਪੱਕਾ ਹੀ ਵਧੇਰੇ ਸੰਤੁਸ਼ਟੀ ਭਰੀ ਹੁੰਦੀ। ਪਰ ਮਾੜੀ ਕਿਸਮਤ ਨਾਲ ਉਹ ਅਜਿਹਾ ਕੀਤੇ ਜਾਣ ਤੋਂ ਉੱਕ ਗਿਆ, ਅਤੇ ਇਸਦਾ ਮਤਲਬ ਦੂਜੀਆਂ ਹਾਨੀਆਂ ਦਾ ਪੈਦਾ ਹੋ ਜਾਣਾ ਹੋਇਆ ਜਿਸ ਵਿੱਚ ਸਮੇਂ ਦਾ ਬਰਬਾਦ ਹੋਣਾ ਵੀ ਸ਼ਾਮਿਲ ਹੈ।

ਇਹਨਾਂ ਸਾਰੇ ਵਾਰਤਾਲਾਪਾਂ ਵਿੱਚ ਲੇਨੀ ਦਾ ਆ ਜਾਣਾ ਹੀ ਸੁਹਾਵਣਾ ਸੀ, ਜਿਹੜੀ ਕੇ. ਦੀ ਹਾਜ਼ਰੀ ਵਿੱਚ ਵਕੀਲ ਦੇ ਲਈ ਚਾਹ ਲੈਕੇ ਆਉਂਦੀ ਸੀ। ਉਹ ਉਦੋਂ ਕੇ. ਦੇ ਪਿੱਛੇ ਆ ਕੇ ਖੜ੍ਹੀ ਹੋ ਜਾਂਦੀ, ਜਦੋਂ ਵਕੀਲ ਇੱਕ ਤਰ੍ਹਾਂ ਦੇ ਲਾਲਚੀ ਭਾਵ ਨਾਲ ਕੱਪ ਵਿੱਚ ਚਾਹ ਪਾਉਂਦਾ ਅਤੇ ਉਸਨੂੰ ਪੀਣ ਲੱਗਦਾ ਤਾਂ ਉਹ ਉਸਨੂੰ ਨਿਹਾਰਦੀ ਰਹਿੰਦੀ, ਅਤੇ ਇਸ ਸਾਰੇ ਸਮੇਂ ਵਿੱਚ ਉਹ ਕੇ. ਨੂੰ ਆਪਣਾ ਹੱਥ ਫੜਾਈ ਰੱਖਦੀ। ਇੱਕ ਦਮ ਖ਼ਾਮੋਸ਼ੀ ਛਾਈ ਰਹਿੰਦੀ। ਵਕੀਲ ਸਾਹਬ ਚਾਹ ਪੀਂਦੇ ਰਹਿੰਦੇ, ਕੇ. ਲੇਨੀ ਦੇ ਹੱਥ ਨੂੰ ਦੱਬੀ ਰੱਖਦਾ, ਅਤੇ ਲੇਨੀ ਕਈ ਵਾਰ ਨਰਮਾਈ ਨਾਲ ਕੇ. ਦੇ ਵਾਲਾਂ ਵਿੱਚ ਹੱਥ ਫੇਰਦੀ।

"ਤੂੰ ਅਜੇ ਤੱਕ ਇੱਥੇ ਹੀ ਖੜ੍ਹੀ ਏਂ?", ਵਕੀਲ ਨੇ ਚਾਹ ਖ਼ਤਮ ਕਰਕੇ ਪੁੱਛਿਆ।

"ਮੈਂ ਕੱਪ ਵਾਪਸ ਲੈਕੇ ਜਾਣ ਲਈ ਰੁਕੀ ਹਾਂ," ਉਸਨੇ ਕੇ. ਦੇ ਹੱਥਾਂ ਨੂੰ ਆਖਰੀ ਵਾਰ ਦਬਾਉਂਦੇ ਹੋਏ ਕਿਹਾ। ਵਕੀਲ ਨੇ ਆਪਣਾ ਮੂੰਹ ਪੂੰਝਿਆ ਅਤੇ ਨਵੀਂ ਊਰਜਾ ਦੇ ਨਾਲ ਕੇ. ਨਾਲ ਆਪਣੀ ਅਗਲੀ ਵਾਰਤਾਲਾਪ ਦੋਬਾਰਾ ਸ਼ੁਰੂ ਕੀਤੀ।

ਕੇ. ਨੂੰ ਇਹ ਪਤਾ ਨਹੀਂ ਲੱਗਦਾ ਸੀ ਕਿ ਇਹ ਵਕੀਲ ਸਾਹਬ ਉਸਨੂੰ ਧੀਰਜ ਦੇਣਾ ਚਾਹੁੰਦੇ ਹਨ ਜਾਂ ਹਤਾਸ਼ ਕਰ ਦੇਣ ਦੀ ਤਮੰਨਾ ਪਾਲੀ ਬੈਠੇ ਹਨ, ਪਰ ਇੱਕ ਗੱਲ ਤਾਂ ਤੈਅ ਸੀ ਕਿ ਉਸਦੇ ਪੱਖ ਨੂੰ ਮਜ਼ਬੂਤੀ ਨਾਲ ਪੇਸ਼ ਨਹੀਂ ਕੀਤਾ ਜਾ ਰਿਹਾ

164 ॥ ਮੁਕੱਦਮਾ