ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/182

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਾਲਾ ਲਾ ਦਿੱਤਾ।

ਇਸ ਸਮੇਂ ਦੌਰਾਨ ਕੇ. ਕਮਰੇ ਵਿੱਚ ਵੇਖਦਾ ਰਿਹਾ ਸੀ, ਉਹ ਕਦੇ ਵੀ ਇਸ ਤਰ੍ਹਾਂ ਨਹੀਂ ਸੋਚ ਸਕਦਾ ਸੀ ਕਿ ਕੋਈ ਇਸ ਭੈੜੇ ਛੋਟੇ ਜਿਹੇ ਕਮਰੇ ਨੂੰ ਇੱਕ ਸਟੁਡੀਓ ਕਹਿ ਸਕਦਾ ਹੈ। ਕੋਈ ਇਸ ਕਮਰੇ ਵਿੱਚ ਇੱਕ ਦਿਸ਼ਾ ਵਿੱਚ ਮੁਸ਼ਕਲ ਨਾਲ ਦੋ ਕਦਮ ਤੁਰ ਸਕਦਾ ਹੈ। ਸਭ ਕੁੱਝ-ਫ਼ਰਸ਼, ਕੰਧਾਂ ਅਤੇ ਛੱਤ-ਲੱਕੜ ਦੀਆਂ ਬਣੀਆਂ ਹੋਈਆਂ ਸਨ, ਅਤੇ ਇਹ ਬੋਰਡਾਂ ਨੂੰ ਮਿਲਾ ਕੇ ਬਣਾਈਆਂ ਗਈਆਂ ਸਨ। ਦੂਜੇ ਪਾਸੇ ਵਾਲੀ ਕੰਧ ਦੇ ਨਾਲ ਪਏ ਬੈੱਡ ਉੱਪਰ ਬਹੁਤ ਸਾਰੇ ਰੰਗਾਂ ਦਾ ਇੱਕ ਢੇਰ ਪਿਆ ਸੀ। ਕਮਰੇ ਦੇ ਵਿਚਕਾਰ ਇੱਕ ਤਸਵੀਰ ਈਜ਼ਲ (ਚਿੱਤਰਕਾਰ ਦਾ ਟੇਢਾ ਫੱਟਾ) ਉੱਪਰ ਪਈ ਸੀ, ਜਿਸਨੂੰ ਇੱਕ ਕਮੀਜ਼ ਨੇ ਢਕਿਆ ਹੋਇਆ ਸੀ ਅਤੇ ਜਿਸਦੀਆਂ ਬਾਹਾਂ ਹੇਠਾਂ ਫ਼ਰਸ਼ ਨਾਲ ਲੱਗ ਰਹੀਆਂ ਸਨ। ਕੇ. ਦੇ ਪਿੱਛੇ ਇੱਕ ਖਿੜਕੀ ਸੀ ਜਿਸ ਵਿੱਚੋਂ ਧੁੰਦ ਵਿੱਚ ਦੂਜੇ ਘਰ ਦੀ ਸਿਰਫ਼ ਇੱਕ ਬਰਫ਼ ਢਕੀ ਛੱਤ ਹੀ ਵਿਖਾਈ ਦਿੰਦੀ ਸੀ।

ਚਾਬੀ ਦਾ ਤਾਲੇ ਵਿੱਚ ਘੁੰਮਣ ਨੇ ਕੇ. ਨੂੰ ਯਾਦ ਦਵਾਇਆ ਕਿ ਉਹ ਇੱਥੋਂ ਛੇਤੀ ਨਿਕਲਣ ਦੇ ਇਰਾਦੇ ਨਾਲ ਆਇਆ ਸੀ। ਇਸ ਲਈ ਉਸਨੇ ਨਿਰਮਾਤਾ ਦਾ ਖ਼ਤ ਆਪਣੀ ਜੇਬ ਵਿੱਚੋਂ ਕੱਢਿਆ ਅਤੇ ਚਿੱਤਰਕਾਰ ਨੂੰ ਫੜ੍ਹਾ ਦਿੱਤਾ ਅਤੇ ਕਿਹਾ, "ਮੈਂ ਇਸ ਸੱਜਣ ਕੋਲੋਂ ਤੁਹਾਡੇ ਬਾਰੇ ਸੁਣਿਆ ਸੀ, ਜਿਸਨੂੰ ਤੁਸੀਂ ਜਾਣਦੇ ਹੋਂ ਅਤੇ ਮੈਂ ਇਸੇ ਦੀ ਸਲਾਹ ਤੇ ਤੁਹਾਡੇ ਕੋਲ ਆਇਆ ਹਾਂ।" ਚਿੱਤਰਕਾਰ ਨੇ ਖ਼ਤ ਉੱਪਰ ਇੱਕ ਨਿਗ੍ਹਾ ਮਾਰੀ ਅਤੇ ਉਸਨੂੰ ਬੈੱਡ ਉੱਪਰ ਸੁੱਟ ਦਿੱਤਾ। ਜੇਕਰ ਨਿਰਮਾਤਾ ਨੇ ਤਿਤੋਰੇਲੀ ਬਾਰੇ ਦੱਸਿਆ ਨਾ ਹੁੰਦਾ ਕਿ ਉਹ ਉਸਨੂੰ ਜਾਣਦਾ ਹੈ, ਜੋ ਕਿ ਉਸਦੇ ਦਾਨ ਤੇ ਸਿਰ ਤੇ ਗੁਜ਼ਾਰਾ ਕਰਨ ਵਾਲਾ ਇੱਕ ਗਰੀਬ ਆਦਮੀ ਹੈ, ਤਾਂ ਇਹ ਯਕੀਨ ਕੀਤਾ ਜਾ ਸਕਦਾ ਸੀ ਕਿ ਤਿਤੋਰੇਲੀ ਨਿਰਮਾਤਾ ਨੂੰ ਨਹੀਂ ਜਾਣਦਾ ਜਾਂ ਘੱਟੋ-ਘੱਟ ਉਸਨੂੰ ਉਸ ਬਾਰੇ ਯਾਦ ਨਹੀਂ ਹੈ। ਅਤੇ ਇਸ ਤੋਂ ਵੀ ਵਧ ਕੇ, ਚਿੱਤਰਕਾਰ ਨੇ ਹੁਣ ਕਿਹਾ, "ਕੀ ਤੁਸੀਂ ਤਸਵੀਰਾਂ ਖਰੀਦਣ ਆਏ ਹੋਂ ਜਾਂ ਆਪਣਾ ਚਿੱਤਰ ਬਣਵਾਉਣ ਲਈ ਆਏ ਹੋਂ?" ਕੇ. ਨੇ ਚਿੱਤਰਕਾਰ ਵੱਲ ਹੈਰਾਨੀ ਨਾਲ ਵੇਖਿਆ। ਉਸ ਚਿੱਠੀ ਵਿੱਚ ਕੀ ਲਿਖਿਆ ਸੀ? ਕੇ. ਨੇ ਇਸਨੂੰ ਬਿਨ੍ਹਾਂ ਪ੍ਰਮਾਣ ਦੇ ਸਹੀ ਮੰਨ ਲਿਆ ਸੀ ਕਿ ਨਿਰਮਾਤਾ ਨੇ ਚਿੱਠੀ ਵਿੱਚ ਚਿੱਤਰਕਾਰ ਨੂੰ ਇਹ ਲਿਖਿਆ ਹੋਵੇਗਾ ਕਿ ਕੇ. ਉਸਨੂੰ ਮਿਲਣ ਇਸ ਲਈ ਆਵੇਗਾ ਤਾਂ ਕਿ ਉਹ ਆਪਣੇ ਕੇਸ ਬਾਰੇ ਕੁੱਝ ਜਾਣ ਸਕੇ। ਉਹ ਇੱਥੇ ਬਹੁਤ ਛੇਤੀ ਅਤੇ ਬਿਨ੍ਹਾਂ ਕੋਈ ਢੁੱਕਵਾਂ ਵਿਚਾਰ ਕੀਤਿਆਂ ਆ ਗਿਆ ਸੀ!

188 ॥ ਮੁਕੱਦਮਾ