ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/191

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਕੀਲ ਦੀ ਤਰ੍ਹਾਂ ਬੋਲ ਰਿਹਾ ਹਾਂ? ਅਦਾਲਤ ਵਿੱਚ ਕੰਮ ਕਰਨ ਵਾਲਿਆਂ ਦੇ ਨਾਲ ਰਹਿਣ ਕਾਰਨ ਮੇਰੇ 'ਤੇ ਵੀ ਇਹ ਪ੍ਰਭਾਵ ਪਿਆ ਹੈ। ਕੁਦਰਤੀ ਤੌਰ 'ਤੇ ਮੈਨੂੰ ਇਸ ਪ੍ਰਵਿਰਤੀ ਨਾਲ ਲਾਭ ਹੋਇਆ ਹੈ ਪਰ ਮੇਰੀ ਕਲਾਤਮਕਤਾ 'ਤੇ ਇਸਦਾ ਬੁਰਾ ਪ੍ਰਭਾਵ ਪੈਂਦਾ ਹੈ।"

"ਤੁਸੀਂ ਸਭ ਤੋਂ ਪਹਿਲਾਂ ਜੱਜਾਂ ਦੇ ਸੰਪਰਕ ਵਿੱਚ ਕਿਵੇਂ ਆਏ?" ਕੇ. ਨੇ ਉਸਤੋਂ ਪੁੱਛਿਆ। ਆਪਣੇ ਕੰਮ ਦੀ ਗੱਲ ਕਹਿਣ ਤੋਂ ਪਹਿਲਾਂ ਉਹ ਚਿੱਤਰਕਾਰ ਦਾ ਯਕੀਨ ਜਿੱਤਣਾ ਚਾਹੁੰਦਾ ਸੀ।

"ਸਿੱਧੀ ਜਿਹੀ ਗੱਲ ਹੈ," ਚਿੱਤਰਕਾਰ ਨੇ ਕਿਹਾ, "ਇਹ ਸਬੰਧ ਮੈਨੂੰ ਵਿਰਾਸਤ ਵਿੱਚ ਮਿਲੇ ਹਨ। ਮੇਰੇ ਪਿਤਾ ਆਪਣੇ ਸਮੇਂ ਵਿੱਚ ਅਦਾਲਤ ਦੇ ਚਿੱਤਰਕਾਰ ਸਨ। ਇਹ ਅਜਿਹੀ ਸਥਿਤੀ ਹੈ ਜਿਹੜੀ ਹਮੇਸ਼ਾ ਪਿਤਾ ਤੋਂ ਪੁੱਤਰ ਨੂੰ ਮਿਲਦੀ ਰਹਿੰਦੀ ਹੈ। ਨਵੇਂ ਲੋਕਾਂ ਦਾ ਪ੍ਰਯੋਗ ਇਸ ਵਿੱਚ ਸੰਭਵ ਨਹੀਂ ਹੈ? ਜਦੋਂ ਵੀ ਅਧਿਕਾਰੀਆਂ ਦੇ ਚਿੱਤਰ ਪੇਂਟ ਕਰਨ ਦੀ ਗੱਲ ਉੱਠਦੀ ਹੈ, ਤਾਂ ਅਜਿਹੇ ਔਖੇ-ਔਖੇ ਅਤੇ ਉਲਝਾਅ ਭਰੇ, ਅਤੇ ਸਭ ਤੋਂ ਉੱਪਰ ਰਾਜ਼ਦਾਰ ਨਿਯਮ ਵਿਚਕਾਰ ਆਉਂਦੇ ਹਨ ਕਿ ਕੁੱਝ ਤੋਂ ਬਾਹਰ ਇਹ ਰਹੱਸ ਜਾ ਹੀ ਨਹੀਂ ਸਕਦਾ। ਉਦਾਹਰਨ ਦੇ ਲਈ ਉਸ ਦਰਾਜ਼ ਦੇ ਉੱਪਰ ਮੈਂ ਆਪਣੇ ਪਿਤਾ ਦੇ ਬਣਾਏ ਸਕੈਂਚ ਰੱਖੇ ਹੋਏ ਹਨ ਅਤੇ ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਵਿਖਾਉਂਦਾ। ਅਤੇ ਇਸਤੋਂ ਪਹਿਲਾਂ ਕਿ ਕੋਈ ਆਦਮੀ ਜੱਜਾਂ ਦੇ ਚਿੱਤਰ ਬਣਾਉਣ ਦੇ ਯੋਗ ਹੋ ਸਕੇ, ਉਸਨੂੰ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਜੇ ਇਹ ਮੇਰੇ ਤੋਂ ਗਵਾਚ ਵੀ ਜਾਣ ਤਾਂ ਵੀ ਮੇਰੇ ਦਿਮਾਗ ਵਿੱਚ ਅਜਿਹੇ ਨਿਯਮ ਬਰਕਰਾਰ ਰਹਿਣਗੇ ਕਿ ਕਿਸੇ ਨੂੰ ਵੀ ਮੈਂ ਇਸ ਪਦਵੀ ਤੋਂ ਦੂਰ ਰੱਖ ਸਕਦਾ ਹਾਂ। ਹਰੇਕ ਜੱਜ ਇਹੀ ਤਾਂ ਚਾਹੁੰਦਾ ਹੈ ਕਿ ਉਸਦਾ ਚਿੱਤਰ ਪੁਰਾਣੇ ਕਿਸੇ ਵੀ ਜੱਜ ਤੋਂ ਬਿਹਤਰ ਹੋਵੇ, ਅਤੇ ਮੇਰੇ ਸਿਵਾ ਇਹ ਕੰਮ ਹੋਰ ਕੋਈ ਕਰ ਸਕਦਾ।"

"ਮੈਨੂੰ ਤੁਹਾਡੇ ਤੋਂ ਈਰਖਾ ਹੈ," ਕੇ. ਨੇ ਬੈਂਕ ਵਿੱਚ ਆਪਣੀ ਸਥਿਤੀ ਬਾਰੇ ਸੋਚਦੇ ਹੋਏ ਕਿਹਾ, "ਯਾਨੀ ਕਿ ਤੁਹਾਡੀ ਸਥਿਤੀ ਹਮਲਾ ਕੀਤੇ ਜਾਣ ਦੇ ਯੋਗ ਨਹੀਂ ਹੈ?"

"ਹਾਂ, ਬਿਲਕੁਲ ਨਹੀਂ," ਮਾਣ ਨਾਲ ਆਪਣੇ ਮੋਢੇ ਚੌੜੇ ਕਰਦੇ ਹੋਏ ਤਿਤੋਰੇਲੀ ਨੇ ਕਿਹਾ, "ਅਤੇ ਤਾਂ ਹੀ ਮੈਂ ਕਦੇ-ਕਦੇ ਮੁਕੱਦਮੇ ਵਿੱਚ ਫਸੇ ਕਿਸੇ ਵਿਅਕਤੀ ਨੂੰ ਮਦਦ ਦੇਣ ਦਾ ਜੋਖ਼ਮ ਲੈ ਸਕਦਾ ਹਾਂ।"

197॥ ਮੁਕੱਦਮਾ