ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/195

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਿਰ ਵੀ ਉਹਨਾਂ ਨੂੰ ਇੱਕ ਦਮ ਨਕਾਰਿਆ ਨਹੀਂ ਜਾ ਸਕਦਾ, ਉਹਨਾਂ ਵਿੱਚ ਕਿਸੇ ਹੱਦ ਤੱਕ ਤਾਂ ਜ਼ਰੂਰ ਹੀ ਸੱਚਾਈ ਹੁੰਦੀ ਹੈ, ਅਤੇ ਇਹ ਬਹੁਤ ਸੁੰਦਰ ਵੀ ਹੁੰਦੀ ਹੈ। ਅਜਿਹੀਆਂ ਪਰੰਪਰਾਵਾਂ ਉੱਪਰ ਮੈਂ ਕਈ ਚਿੱਤਰ ਬਣਾਏ ਹਨ।"

"ਆਪਣਾ ਵਿਚਾਰ ਬਦਲਣ ਲਈ ਮੈਨੂੰ ਇਹਨਾਂ ਪਰੰਪਰਾਵਾਂ ਤੋਂ ਅੱਗੇ ਨਿਕਲਣਾ ਪਵੇਗਾ," ਕੇ. ਨੇ ਕਿਹਾ, "ਅਤੇ ਫ਼ਿਰ ਅਦਾਲਤ ਵਿੱਚ ਆਪਣੇ ਪੱਖ ਵਿੱਚ ਅਜਿਹੀਆਂ ਪਰੰਪਰਾਵਾਂ ਦਾ ਹਵਾਲਾ ਤਾਂ ਨਹੀਂ ਦਿੱਤਾ ਜਾ ਸਕਦਾ। ਕਿ ਦਿੱਤਾ ਜਾ ਸਕਦਾ ਹੈ?"

ਚਿੱਤਰਕਾਰ ਹੱਸਿਆ, "ਨਹੀਂ," ਉਸਨੇ ਕਿਹਾ, "ਅਜਿਹਾ ਨਹੀਂ ਹੋ ਸਕਦਾ।"

"ਤਾਂ ਇਸ 'ਤੇ ਬਹਿਸ ਕਰਨਾ ਬੇਕਾਰ ਹੈ," ਕੇ. ਨੇ ਕਿਹਾ। ਇਸ ਸਮੇਂ ਦੇ ਲਈ ਉਹ ਤਿਤੋਰੇਲੀ ਦੇ ਕੋਲ ਕਿਸੇ ਵੀ ਵਿਚਾਰ ਨੂੰ ਮੰਨ ਲੈਣ ਦੇ ਲਈ ਤਿਆਰ ਸੀ, ਚਾਹੇ ਉਸਨੂੰ ਇਹ ਦੂਰ ਦੀ ਕੌੜੀ ਹੀ ਲੱਗ ਰਹੇ ਸਨ ਅਤੇ ਦੂਜੀਆਂ ਰਿਪੋਰਟਾਂ ਨੇ ਉਹਨਾਂ ਦਾ ਖੰਡਨ ਵੀ ਕਰ ਦਿੱਤਾ ਸੀ। ਚਿੱਤਰਕਾਰ ਨੇ ਅਜੇ ਤੱਕ ਜੋ ਵੀ ਕਿਹਾ ਸੀ, ਉਸਦੀ ਸੱਚਾਈ ਨੂੰ ਪਰਖਣ ਲਈ ਇਸ ਵੇਲੇ ਉਸ ਕੋਲ ਸਮਾਂ ਨਹੀਂ ਸੀ। ਫ਼ਿਰ ਭਲਾਂ ਬਹਿਸ ਕੀ ਕੀਤੀ ਜਾਂਦੀ। ਜ਼ਿਆਦਾ ਤੋਂ ਜ਼ਿਆਦਾ ਉਹ ਚਿੱਤਰਕਾਰ ਨੂੰ ਕਿਸੇ ਤਰ੍ਹਾਂ ਆਪਣੀ ਸਹਾਇਤਾ ਲਈ ਰਾਜ਼ੀ ਕਰ ਸਕਦਾ ਸੀ, ਚਾਹੇ ਇਹ ਸਹਾਇਤਾ ਫੈਸਲਾਕੁੰਨ ਨਾ ਵੀ ਹੁੰਦੀ। ਇਸ ਲਈ ਉਸਨੇ ਕਿਹਾ, "ਤਾਂ ਠੀਕ ਹੈ, ਅਸੀਂ ਇਸ ਬਹਿਸ ਵਿੱਚੋਂ ਅਸਲ ਰਿਹਾਈ ਨੂੰ ਅਲੱਗ ਕਰ ਦਿੰਦੇ ਹਾਂ, ਪਰ ਤੁਸੀਂ ਇਸ ਤੋਂ ਇਲਾਵਾ ਵੀ ਦੋ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਸੀ।"

"ਵਿਖਾਈ ਦੇ ਸਕਣ ਵਾਲੀ ਰਿਹਾਈ ਅਤੇ ਉਸਦਾ ਨਿਰੰਤਰ ਅੱਗੇ ਕੀਤਾ ਜਾਣਾ। ਇਹਨਾਂ ਵਿੱਚੋਂ ਕੋਈ ਇੱਕ," ਚਿੱਤਰਕਾਰ ਬੋਲਿਆ, "ਪਰ ਇਸਤੋਂ ਪਹਿਲਾਂ ਕਿ ਅਸੀਂ ਇਸ 'ਤੇ ਗੱਲ ਸ਼ੁਰੂ ਕਰੀਏ, ਤੁਸੀਂ ਆਪਣੀ ਜੈਕੇਟ ਉਤਾਰ ਦੇਣੀ ਪਸੰਦ ਨਹੀਂ ਕਰੋਂਗੇ? ਤੁਹਾਨੂੰ ਗਰਮੀ ਲੱਗ ਰਹੀ ਹੋਵੇਗੀ।"

"ਹਾਂ," ਕੇ. ਨੇ ਕਿਹਾ। ਅਜੇ ਤੱਕ ਉਹ ਉਹੀ ਸੋਚ ਰਿਹਾ ਸੀ ਜਿਸ ਬਾਰੇ ਚਿੱਤਰਕਾਰ ਸਪੱਸ਼ਟੀਕਰਨ ਦਿੱਤੀ ਜਾ ਰਿਹਾ ਸੀ, ਪਰ ਹੁਣ ਉਸਨੂੰ ਗਰਮੀ ਦੀ ਯਾਦ ਦਵਾ ਦਿੱਤੀ ਗਈ ਸੀ, ਇਸਲਈ ਉਸਦੇ ਮੱਥੇ 'ਤੇ ਕੁੱਝ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ ਸਨ। "ਇਹ ਤਾਂ ਬਰਦਾਸ਼ਤ ਤੋਂ ਬਾਹਰ ਹੈ।"

ਚਿੱਤਰਕਾਰ ਨੇ ਸਿਰ ਹਿਲਾਇਆ, ਜਿਵੇਂ ਉਹ ਕੇ. ਦੀ ਬੇਚੈਨੀ ਨੂੰ ਚੰਗੀ ਤਰ੍ਹਾਂ

201॥ ਮੁਕੱਦਮਾ