ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੇਂ, ਅਤੇ ਤੈਨੂੰ ਸੌਖਾ ਕਰਨ ਲਈ ਅਤੇ ਬੈਂਕ ਵਿੱਚ ਆਮ ਵਾਂਗ ਪਹੁੰਚਣ ਲਈ ਹੀ ਮੈਂ ਇਹਨਾਂ ਤਿੰਨਾਂ ਆਦਮੀਆਂ ਦਾ ਬੰਦੋਬਸਤ ਕੀਤਾ ਸੀ। ਤੇਰੇ ਇਹ ਤਿੰਨ ਸਹਿਯੋਗੀ ਤੇਰੇ ਨਾਲ ਹਨ।"

"ਕੀ?" ਕੇ. ਚੀਕ ਪਿਆ। ਉਸਨੇ ਹੈਰਾਨੀ ਨਾਲ ਉਹਨਾਂ ਤਿੰਨਾਂ ਉੱਪਰ ਨਜ਼ਰ ਟਿਕਾਈ। ਉਹ ਪੀਲੇ ਅਤੇ ਅਤਿ ਸਧਾਰਨ ਲੋਕ, ਜਿਹਨਾਂ ਨੂੰ ਉਹ ਫ਼ੋਟੋ ਦੇ ਕੋਲ ਇੱਕ ਗਰੁੱਪ ਵਿੱਚ ਹੀ ਮਹਿਸੂਸ ਕਰ ਰਿਹਾ ਸੀ, ਅਸਲ 'ਚ ਬੈਂਕ ਦੇ ਛੋਟੇ ਮੁਲਾਜ਼ਮ ਸਨ। ਉਹ ਉਸਦੇ ਸਹਿਯੋਗੀ ਨਹੀਂ ਸਨ, ਅਤੇ ਅਜਿਹਾ ਕਹਿਕੇ ਇੰਸਪੈਕਟਰ ਨੇ ਗੱਲ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਸੀ, ਪਰ ਬੈਂਕ ਦੇ ਮੁਲਾਜ਼ਮ ਤਾਂ ਉਹ ਸਨ ਹੀ। ਕੇ. ਨੂੰ ਇਹ ਪਹਿਲਾਂ ਕਿਉਂ ਨਹੀਂ ਸੁੱਝਿਆ? ਉਹ ਇੰਸਪੈਕਟਰ ਅਤੇ ਇਹਨਾਂ ਵਾਰਡਰਾਂ ਨਾਲ ਇੰਨਾ ਉਲਝ ਗਿਆ ਸੀ ਕਿ ਇਹਨਾਂ ਲੋਕਾਂ ਨੂੰ ਵੀ ਪਛਾਣ ਨਹੀਂ ਸਕਿਆ। ਆਮ ਜਿਹਾ ਉਹ ਰੈਬਨਸਟੇਨਰ, ਆਪਣੀਆਂ ਬਾਹਾਂ ਖੋਲ੍ਹ ਕੇ ਖੜਾ ਸੁਨਹਿਰੀ ਵਾਲਾਂ ਵਾਲਾ ਕੁਲੀਚ ਅਤੇ ਅਸਹਿ ਮੁਸਕਾਣ ਨਾਲ ਮੁਸਕਾਉਂਦਾ ਕੈਮਨਰ।

"ਹੈਲੋ!" ਕੇ. ਨੇ ਕੁੱਝ ਚਿਰ ਬਾਅਦ ਆਪਣਾ ਹੱਥ ਉਹਨਾਂ ਦੇ ਵਧਾਉਂਦੇ ਹੋਏ ਕਿਹਾ, ਜਿਹੜੇ ਨਿਮਰਤਾ ਨਾਲ ਸਿਰ ਝੁਕਾਈ ਖੜੇ ਸਨ। "ਮੈਂ ਤੈਨੂੰ ਨਹੀਂ ਪਛਾਣਿਆ। ਠੀਕ ਹੈ ਹੁਣ ਸਾਨੂੰ ਕੰਮ 'ਤੇ ਚੱਲਣਾ ਚਾਹੀਦਾ ਹੈ।" ਉਹਨਾਂ ਨੇ ਸਿਰ ਹਿਲਾਏ ਅਤੇ ਹੱਸ ਪਏ, ਜਿਵੇਂ ਉਹ ਹੁਣ ਤੱਕ ਇਸੇ ਗੱਲ ਦੀ ਉਡੀਕ ਕਰ ਰਹੇ ਸਨ, ਪਰ ਜਦੋਂ ਕੇ. ਨੂੰ ਧਿਆਨ ਆਇਆ ਕਿ ਉਹ ਆਪਣਾ ਟੋਪ ਕਮਰੇ ਵਿੱਚ ਹੀ ਛੱਡ ਆਇਆ ਹੈ, ਉਹ ਤਿੰਨੇ ਵਾਰੋ-ਵਾਰੀ ਉਸ ਨੂੰ ਚੁੱਕਣ ਲਈ ਭੱਜੇ। ਕਿਸੇ ਹੱਦ ਤੱਕ ਇਹ ਖਿਝਾਉਣ ਵਾਲੀ ਹਾਲਤ ਸੀ। ਕੇ. ਚੁੱਪਚਾਪ ਖੜਾ ਦੋ ਖੁੱਲ੍ਹੇ ਬੂਹਿਆਂ 'ਚੋਂ ਉਹਨਾਂ ਨੂੰ ਵੇਖਦਾ ਰਿਹਾ- ਸੁਭਾਵਿਕ ਤੌਰ 'ਤੇ ਚੁੱਪ ਰਹਿਣ ਵਾਲਾ ਰੈਬਨਸਟੇਨਰ ਪਹਿਲਾਂ ਮੁੜਿਆ (ਉਸਨੇ ਆਪਣੀ ਚਾਲ ਵਧਾ ਦਿੱਤੀ ਸੀ।) ਅਤੇ ਕੈਮਨਰ ਨੇ ਟੋਪ ਕੇ. ਨੂੰ ਫੜਾ ਦਿੱਤਾ, ਜਿਵੇਂ ਕਿ ਉਹ ਪਹਿਲਾਂ ਵੀ ਬੈਂਕ ਵਿੱਚ ਕਰਦਾ ਹੈ। ਕੇ. ਨੂੰ ਯਾਦ ਆਇਆ ਕਿ ਉਸਦੀ ਮੁਸਕਾਨ ਅਸੁਭਾਵਿਕ ਹੈ। ਉਹ ਜਦੋਂ ਵੀ ਹੱਸਣਾ ਚਾਹੁੰਦਾ ਸੀ, ਹੱਸ ਸਕਣ ਤੋਂ ਪਹਿਲਾਂ ਇਹ ਗੱਲ ਉਸਦੇ ਦਿਮਾਗ ਵਿੱਚ ਆਉਂਦੀ ਸੀ। ਉਦੋਂ ਹੀ ਫ਼ਰਾਅ ਗਰੁਬਾਖ਼ ਨੇ ਇੱਕਦਮ, ਸੁਭਾਵਿਕ ਤਰ੍ਹਾਂ ਬੂਹਾ ਖੋਲ੍ਹਿਆ, ਅਤੇ ਪਹਿਲਾਂ ਵੀ ਜਿਵੇਂ ਉਹ ਕਰਦਾ ਸੀ, ਕੇ. ਨੇ ਉਸਦੇ ਭਾਰੀ ਭਰਕਮ ਸ਼ਰੀਰ 'ਚ ਖੁੱਭੀਆਂ ਐਪਰੀਨ ਦੀਆਂ ਡੋਰੀਆਂ ਉੱਪਰ ਨਜ਼ਰ ਦੌੜਾਈ। ਇੱਕ ਵਾਰ ਬਾਹਰ ਨਿਕਲ ਕੇ ਕੇ. ਨੇ ਆਪਣੇ ਗੁੱਟ ਵੱਲ ਵੇਖਿਆ ਅਤੇ ਉੱਥੋਂ ਨਿਕਲਣ ਲਈ ਜ਼ਿਆਦਾ

26