ਉਸ ਬਸੰਤ ਰੁੱਤ ਵਿੱਚ ਕੇ. ਆਪਣੀਆਂ ਸ਼ਾਮਾਂ ਕੁੱਝ ਇੰਜ ਬਿਤਾਇਆ ਕਰਦਾ ਸੀ- ਕੰਮ ਤੋਂ ਪਿੱਛੋਂ ਜਦੋਂ ਵੀ ਸੰਭਵ ਹੁੰਦਾ (ਕਿਉਂਕਿ ਉਹ ਰਾਤ 9 ਵਜੇ ਤੱਕ ਦਫ਼ਤਰ ਵਿੱਚ ਹੀ ਬੈਠਾ ਰਹਿੰਦਾ ਸੀ) ਉਹ ਇੱਕਲਾ ਛੋਟੀ ਜਿਹੀ ਸੈਰ 'ਤੇ ਨਿਕਲ ਜਾਂਦਾ ਸੀ ਅਤੇ ਪਿੱਛੋਂ ਬਾਰ 'ਚ ਜਾ ਕੇ ਕੁੱਝ ਪੁਰਾਣੇ ਵਾਕਫ਼ਾਂ ਨਾਲ ਲਗਭਗ ਗਿਆਂਰਾ ਵਜੇ ਤੱਕ ਬੈਠਾ ਰਹਿੰਦਾ ਸੀ। ਇਸ ਪਿੱਛੋਂ ਕਿਸੇ ਦੇ ਦਖ਼ਲ ਕਰਕੇ ਲੜੀ ਟੁੱਟ ਜਾਂਦੀ ਸੀ, ਜਿਵੇਂ ਕਿ ਕਦੇ ਬੈਂਕ ਮੈਨੇਜਰ ਉਸਨੂੰ ਆਪਣੇ ਵੱਲ ਬੁਲਾ ਲੈਂਦਾ। ਉਹ ਕੇ. ਦੀ ਕੰਮ ਕਰਨ ਦੀ ਸਮਰੱਥਾ ਦਾ ਬਹੁਤ ਪ੍ਰਸ਼ੰਸ਼ਕ ਸੀ। ਤਾਂ ਉਸਦੇ ਬੁਲਾਵੇ 'ਤੇ ਉਹ ਉਸ ਨਾਲ ਲੰਮੀ ਡਰਾਇਵ 'ਤੇ ਨਿਕਲ ਜਾਂਦਾ ਜਾਂ ਉਸਦੇ ਘਰ ਰਾਤ ਦਾ ਖਾਣਾ ਖਾ ਆਉਂਦਾ। ਇਸ ਤੋਂ ਬਿਨ੍ਹਾਂ ਕੇ. ਐਲਸਾ ਨਾਂ ਦੀ ਕੁੜੀ ਨੂੰ ਮਿਲਣ ਹਫ਼ਤੇ 'ਚ ਇੱਕ ਵਾਰ ਜਾਂਦਾ ਸੀ ਜਿਹੜੀ ਸਾਰੀ ਰਾਤ ਇੱਕ ਸ਼ਰਾਬਖਾਨੇ 'ਚ ਬੈਰ੍ਹੇ ਦਾ ਕੰਮ ਕਰਦੀ ਸੀ ਅਤੇ ਦਿਨ ਵਿੱਚ ਆਪਣੇ ਬਿਸਤਰੇ ਵਿੱਚ ਮਹਿਮਾਨਾਂ ਦਾ ਸੁਆਗਤ ਕਰਦੀ ਸੀ।
ਪਰ ਇਹ ਪਿਛਲੀ ਸ਼ਾਮ-ਪੂਰਾ ਦਿਨ ਬਹੁਤ ਸਾਰਾ ਕੰਮ ਕਰਦੇ ਹੋਏ ਉਹ ਬਹੁਤ ਤੇਜ਼ੀ ਨਾਲ ਨਿਕਲ ਗਿਆ ਸੀ ਅਤੇ ਸਾਰਾ ਦਿਨ ਚਾਪਲੂਸੀ ਭਰੀਆਂ ਅਤੇ ਕੁੱਝ ਦੋਸਤਾਨਾਂ ਢੰਗ ਦੀਆਂ ਜਨਮਦਿਨ ਦੀਆਂ ਵਧਾਈਆਂ ਮਿਲਦੀਆਂ ਰਹੀਆਂ। ਕੇ. ਸ਼ਾਮ ਨੂੰ ਸਿੱਧਾ ਘਰ ਜਾਣਾ ਚਾਹੁੰਦਾ ਸੀ। ਦਿਨ ’ਚ ਕੰਮ ਦੇ ਵਿੱਚ ਜਿਹੜਾ ਵੀ ਥੋੜਾ ਜਿਹਾ ਸਮਾਂ ਮਿਲਦਾ, ਉਹ ਇਸੇ ਬਾਰੇ ਸੋਚਦਾ ਰਿਹਾ ਸੀ। ਭਾਂਵੇ ਉਹ ਅਜੇ ਕਿਸੇ ਫ਼ੈਸਲੇ 'ਤੇ ਨਹੀਂ ਪੁੱਜਾ ਸੀ ਪਰ ਉਸ ਨੂੰ ਲੱਗ ਰਿਹਾ ਸੀ ਕਿ ਸਵੇਰੇ ਇਹਨਾਂ ਘਟਨਾਵਾਂ ਨਾਲ ਫ਼ਰਾਅ ਗਰੁਬਾਖ਼ ਦੇ ਫ਼ਲੈਟ 'ਚ ਜੋ ਕੁੱਝ ਹੋਇਆ ਹੈ, ਉਸਨੂੰ ਠੀਕ ਕਰਨਾ ਉਸਦੀ ਜ਼ਿੰਮੇਵਾਰੀ ਹੈ। ਇੱਕ ਵਾਰ ਇਹ ਹੋ ਗਿਆ ਅਤੇ ਇਹਨਾਂ ਘਟਨਾਵਾਂ ਦਾ ਨਾਂ-ਨਿਸ਼ਾਨ ਮਿਟ ਗਿਆ ਤਾਂ ਹਰ ਚੀਜ਼ ਪਹਿਲਾਂ ਵਾਂਗ ਹੋ ਜਾਵੇਗੀ। ਖ਼ਾਸ ਕਰਕੇ ਇਹਨਾਂ ਤਿੰਨ ਕਲਰਕਾਂ ਤੋਂ ਡਰਨ ਜਿਹੀ ਹੁਣ ਕੋਈ ਗੱਲ ਨਹੀਂ ਸੀ, ਕਿਉਂਕਿ ਉਹਨਾਂ ਵਿੱਚ ਬਦਲਾਅ ਦੇ ਕੋਈ ਲੱਛਣ ਨਹੀਂ ਦਿਸ ਰਹੇ ਸਨ। ਕੇ. ਕਈ ਵਾਰ 'ਕੱਲੇ-'ਕੱਲੇ ਅਤੇ ਇੱਕਠਿਆਂ ਨੂੰ ਆਪਣੇ ਕੋਲ ਬੁਲਾ ਚੁੱਕਾ ਸੀ। ਇਸਦਾ ਸਿੱਧਾ-ਸਿੱਧਾ ਇੱਕ ਹੀ ਕਾਰਨ ਸੀ, ਕਿ ਉਹ ਉਹਨਾਂ ਦੇ ਵਿਹਾਰ ਦਾ ਜਾਇਜ਼ਾ ਲੈਂਦੇ ਰਹਿਣਾ ਚਾਹੁੰਦਾ ਸੀ। ਹਰ ਵਾਰ ਉਹ ਸੰਤੁਸ਼ਟ ਰਿਹਾ ਸੀ ਅਤੇ ਉਹਨਾਂ ਨੂੰ ਵਾਪਸ ਭੇਜ ਦਿੰਦਾ ਸੀ।
ਸ਼ਾਮ ਸਾਢੇ ਨੌਂ ਵਜੇ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਬਾਹਰੀ ਦਰਵਾਜ਼ੇ ਦੇ ਕੋਲ ਉਸਨੇ ਇੱਕ ਨੌਜਵਾਨ ਆਦਮੀ ਨੂੰ ਪਾਇਪ ਪੀਂਦੇ ਹੋਏ ਵੇਖਿਆ।
28