ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/220

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਪਾਰ ਸਿਰਫ਼ ਪੂੰਜੀ ਕੱਢ ਲੈਣ ਨਾਲ ਹੀ ਮੱਧਮ ਨਹੀਂ ਪਿਆ ਸਗੋਂ ਹੋਰਾਂ ਕੰਮਾਂ ਵਿੱਚ ਲੱਗ ਰਹੀ ਮੇਰੀ ਊਰਜਾ ਦਾ ਵੀ ਇਸਦਾ ਕਾਰਨ ਹੈ। ਜੇ ਤੁਸੀਂ ਆਪਣੇ ਮੁਕੱਦਮੇ ਦੇ ਬਾਰੇ ਵਿੱਚ ਕੁੱਝ ਕਰਨਾ ਚਾਹੁੰਦੇ ਹੋ, ਤਾਂ ਬਾਕੀ ਤੁਸੀਂ ਵਧੇਰੇ ਕੁੱਝ ਨਹੀਂ ਕਰ ਸਕਦੇ।"

"ਤਾਂ ਤੂੰ ਅਦਾਲਤ ਵਿੱਚ ਵੀ ਆਪ ਹੀ ਕੰਮ ਕਰ ਰਿਹਾ ਏਂ?" ਕੇ. ਨੇ ਪੁੱਛਿਆ,-- "ਮੈਂ ਇਸੇ ਦੇ ਬਾਰੇ ਵਿੱਚ ਵਧੇਰੇ ਸੁਣਨਾ ਚਾਹਾਂਗਾ।"

"ਮੈਂ ਤੁਹਾਨੂੰ ਇਸ ਬਾਰੇ ਬਹੁਤਾ ਨਹੀਂ ਦੱਸ ਸਕਦਾ," ਵਪਾਰੀ ਨੇ ਕਿਹਾ, "ਸ਼ੁਰੂ ਹੋਣ ਦੇ ਨਾਲ ਹੀ ਮੈਂ ਇਹ ਕੋਸ਼ਿਸ਼ ਕੀਤੀ ਸੀ, ਪਰ ਛੇਤੀ ਹੀ ਮੈਨੂੰ ਇਹ ਛੱਡ ਦੇਣੀ ਪਈ। ਇਹ ਤੁਹਾਨੂੰ ਛੇਤੀ ਹੀ ਖੋਖਲਾ ਕਰ ਦਿੰਦੀ ਹੈ ਅਤੇ ਇਸਤੋਂ ਵਧੇਰੇ ਫ਼ਾਇਦਾ ਵੀ ਨਹੀਂ ਹੁੰਦਾ। ਉਸ ਜਗ੍ਹਾ 'ਤੇ ਬੈਠੇ ਰਹਿ ਕੇ ਉਡੀਕ ਕਰੀ ਜਾਣਾ ਬਹੁਤ ਹੀ ਔਖਾ ਕੰਮ ਹੈ। ਤੁਸੀਂ ਤਾਂ ਜਾਣਦੇ ਹੀ ਹੋਂ ਕਿ ਅਦਾਲਤ ਹੀ ਹਵਾ ਕਿੰਨੀ ਬਦਬੂਦਾਰ ਹੈ।"

"ਤੈਨੂੰ ਕਿਵੇਂ ਪਤਾ ਕਿ ਮੈਂ ਉੱਥੇ ਗਿਆ ਹਾਂ?" ਕੇ. ਨੇ ਪੁੱਛਿਆ।

"ਜਦੋਂ ਤੁਸੀਂ ਉੱਥੋਂ ਲੰਘੇ ਸੀ ਤਾਂ ਸੰਜੋਗ ਨਾਲ ਮੈਂ ਉਡੀਕਘਰ ਵਿੱਚ ਸੀ।" ਵਪਾਰੀ ਨੇ ਜਵਾਬ ਦਿੱਤਾ।

"ਕੀ ਸੰਯੋਗ ਹੈ!" ਕੇ. ਉਸਦੀਆਂ ਗੱਲਾਂ ਦੇ ਰੌਂਅ ਵਿੱਚ ਆ ਗਿਆ ਸੀ। ਉਹ ਇਹ ਵੀ ਪੂਰੀ ਤਰ੍ਹਾਂ ਭੁੱਲ ਗਿਆ ਸੀ ਕਿ ਉਹ ਵਪਾਰੀ ਉਸਨੂੰ ਸ਼ੁਰੂ ਵਿੱਚ ਕਿੰਨਾ ਅਜੀਬ ਲੱਗਿਆ ਸੀ। "ਤਾਂ ਤੂੰ ਮੈਨੂੰ ਵੇਖਿਆ ਸੀ। ਜਦੋਂ ਮੈਂ ਉੱਥੋਂ ਲੰਘਿਆ ਤਾਂ ਤੂੰ ਉਡੀਕਘਰ ਵਿੱਚ ਸੀ। ਹਾਂ, ਮੈਂ ਇੱਕ ਵਾਰ ਉੱਥੇ ਗਿਆ ਤਾਂ ਸੀ।"

"ਇਹ ਵੈਸੇ ਇੰਨਾ ਵੱਡਾ ਸੰਜੋਗ ਵੀ ਨਹੀਂ ਹੈ," ਵਪਾਰੀ ਨੇ ਕਿਹਾ, "ਮੈਂ ਤਾਂ ਉੱਥੇ ਹਰ ਰੋਜ਼ ਜਾਂਦਾ ਹਾਂ।"

"ਸ਼ਾਇਦ ਹੁਣ ਮੈਨੂੰ ਵੀ ਉੱਥੇ ਅਕਸਰ ਜਾਣਾ ਪੈ ਸਕਦਾ ਹੈ," ਕੇ. ਬੋਲਿਆ-"ਪਰ ਉਦੋਂ ਜਿੰਨਾ ਮੈਨੂੰ ਉੱਥੇ ਸਨਮਾਨ ਮਿਲਿਆ ਸੀ, ਹੁਣ ਉਸਦੀ ਕੋਈ ਉਮੀਦ ਨਹੀਂ ਹੈ। ਹਰ ਕੋਈ ਉਦੋਂ ਖੜ੍ਹਾ ਹੋ ਗਿਆ ਸੀ। ਉਹਨਾਂ ਨੇ ਪੱਕਾ ਹੀ ਇਹ ਸੋਚ ਲਿਆ ਹੋਵੇਗਾ ਕਿ ਮੈਂ ਕੋਈ ਜੱਜ ਹਾਂ।"

"ਨਹੀਂ," ਵਪਾਰੀ ਨੇ ਜਵਾਬ ਦਿੱਤਾ, "ਉਦੋਂ ਅਰਦਲੀ ਦੇ ਨਾਲ ਮੈਂ ਹੀ ਖੜ੍ਹਾ ਹੋਇਆ ਸੀ। ਅਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਸੀ ਕਿ ਤੁਸੀਂ ਵੀ ਆਰੋਪੀ ਹੀ ਹੋਂ।

226॥ ਮੁਕੱਦਮਾ