ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/222

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਜ਼ਾ ਹੋ ਜਾਣ ਦੇ ਸੰਕੇਤ ਸਨ।"

"ਮੇਰੇ ਬੁੱਲ੍ਹਾਂ ਤੇ?" ਕੇ. ਨੇ ਕਿਹਾ। ਉਸਨੇ ਆਪਣੀ ਜੇਬ ਵਿੱਚੋਂ ਇੱਕ ਛੋਟਾ ਜਿਹਾ ਸ਼ੀਸ਼ਾ ਕੱਢ ਕੇ ਆਪਣੇ ਚਿਹਰੇ 'ਤੇ ਗ਼ੌਰ ਕੀਤਾ। "ਮੈਂ ਤਾਂ ਆਪਣੇ ਬੁੱਲ੍ਹਾਂ 'ਤੇ ਕੁੱਝ ਖ਼ਾਸ ਨਹੀਂ ਵੇਖ ਰਿਹਾਂ, ਕੀ ਤੂੰ ਵੇਖ ਰਿਹਾ ਏਂ?"

"ਨਹੀਂ, ਮੈਂ ਵੀ ਨਹੀਂ," ਵਪਾਰੀ ਨੇ ਜਵਾਬ ਦਿੱਤਾ, "ਇੱਕ ਦਮ, ਕੁੱਝ ਨਹੀਂ।"

"ਇਹ ਲੋਕ ਕਿੰਨੇ ਵਹਿਮੀ ਹਨ।" ਕੇ. ਚੀਕ ਪਿਆ।

"ਕੀ ਮੈਂ ਤੁਹਾਨੂੰ ਇਹੀ ਨਹੀਂ ਦੱਸ ਰਿਹਾ ਸੀ?" ਵਪਾਰੀ ਨੇ ਪੁੱਛਿਆ।

"ਤਾਂ ਕੀ ਉਹ ਇੱਕ ਦੂਜੇ ਨੂੰ ਇੰਨੀ ਗਹਿਰਾਈ ਨਾਲ ਵੇਖਦੇ ਹਨ ਅਤੇ ਆਪਸ ਵਿੱਚ ਐਨੀ ਗੱਲਬਾਤ ਕਰ ਲੈਂਦੇ ਹਨ?" ਕੇ. ਨੇ ਪੁੱਛਿਆ, "ਅਜੇ ਤੱਕ ਤਾਂ ਮੈਂ ਆਪਣੇ-ਆਪ ਨੂੰ ਉਹਨਾਂ ਤੋਂ ਦੂਰ ਹੀ ਰੱਖਿਆ ਹੈ।"

"ਆਮ ਤੌਰ 'ਤੇ ਤਾਂ ਉਹ ਵੀ ਇੱਕ ਦੂਜੇ ਦੇ ਕੋਲ ਨਹੀਂ ਆਉਂਦੇ," ਵਪਾਰੀ ਨੇ ਕਿਹਾ, "ਇਹ ਸੰਭਵ ਨਹੀਂ ਹੈ ਕਿ ਉਨ੍ਹਾਂ ਵਿੱਚੋਂ ਵਧੇਰੇ ਹੋਣ ਮੌਜੂਦ ਹੋਣ। ਅਤੇ ਉਹਨਾਂ ਦੀਆਂ ਸਾਂਝੀਆਂ ਦਿਲਚਸਪੀਆਂ ਵੀ ਘੱਟ ਹਨ। ਜੇ ਉਹ ਕਿਸੇ ਮੌਕੇ 'ਤੇ ਅਚਾਨਕ ਇਹ ਵੇਖ ਲੈਣ ਕਿ ਉਨਾਂ ਦੀ ਕੋਈ ਦਿਲਚਸਪੀ ਸਾਂਝੀ ਹੈ ਤਾਂ ਵੀ ਉਹ ਇਸਨੂੰ ਇੱਕ ਗ਼ਲਤੀ ਹੀ ਮੰਨਦੇ ਹਨ। ਅਤੇ ਇਸ ਤਰ੍ਹਾਂ ਅਦਾਲਤ ਦੇ ਵਿਰੁੱਧ ਕਿਸੇ ਸੰਯੁਕਤ ਕਾਰਵਾਈ ਦੀ ਉਮੀਦ ਨਹੀਂ ਹੈ। ਹਰੇਕ ਮੁਕੱਦਮਾ ਆਪਣੇ ਗੁਣਾਂ ਦੇ ਆਧਾਰ 'ਤੇ ਹੀ ਪਰਖਿਆ ਜਾਂਦਾ ਹੈ, ਕਿਉਂਕਿ ਅਦਾਲਤ ਬਹੁਤ ਧਿਆਨ ਨਾਲ ਮਸਲੇ ਵੇਖਦੀ ਹੈ। ਇਸ ਲਈ ਸੰਯੁਕਤ ਕਾਰਵਾਈ ਤੋਂ ਕੁੱਝ ਹਾਸਲ ਹੋਣ ਵਾਲਾ ਨਹੀਂ ਹੈ, ਸਿਰਫ਼ ਕੋਈ ਆਦਮੀ ਕਦੇ-ਕਦੇ ਰਹੱਸਮਈ ਢੰਗ ਨਾਲ ਕੰਮ ਕਰਕੇ ਕੁੱਝ ਪਾ ਸਕਦਾ ਹੈ। ਦੂਜਿਆਂ ਨੂੰ ਇਹ ਉਦੋਂ ਪਤਾ ਲੱਗੇਗਾ ਜਦੋਂ ਸਫ਼ਲਤਾ ਹਾਸਲ ਹੋ ਚੁੱਕੀ ਹੋਵੇਗੀ। ਕਿਸੇ ਨੂੰ ਪਤਾ ਨਹੀਂ ਹੋਵੇਗਾ ਕਿ ਇਹ ਕਿਵੇਂ ਹੋ ਗਿਆ। ਇਸ ਦੇ ਲਈ ਕੋਈ ਸੰਪਰਦਾਇੱਕ ਭਾਵਨਾ ਨਹੀਂ ਹੈ। ਇਹ ਸੱਚ ਹੈ ਕਿ ਲੋਕ ਕਦੇ-ਕਦਾਈਂ ਉਡੀਕਘਰਾਂ ਵਿੱਚ ਮਿਲ ਲੈਂਦੇ ਹਨ, ਪਰ ਉੱਥੇ ਕੋਈ ਖ਼ਾਸ ਗੱਲਬਾਤ ਨਹੀਂ ਹੁੰਦੀ। ਅੰਧਵਿਸ਼ਵਾਸਾਂ ਤਾਂ ਮੁੱਦਤਾਂ ਤੋਂ ਚਲੇ ਆ ਰਹੇ ਹਨ ਅਤੇ ਆਪਣੇ ਹੀ ਪੱਧਰ ਤੇ ਉਨ੍ਹਾਂ ਵਿੱਚ ਗੁਣਾਤਮਕ ਵਾਧਾ ਹੁੰਦਾ ਰਹਿੰਦਾ ਹੈ।"

"ਮੈਂ ਉਹਨਾਂ ਲੋਕਾਂ ਨੂੰ ਉਡੀਕਘਰਾਂ ਵਿੱਚ ਵੇਖਿਆ ਸੀ," ਕੇ. ਬੋਲਿਆ, "ਉਨ੍ਹਾਂ ਦੀ ਉਡੀਕ ਕਰਨ ਵਿੱਚ ਮੈਨੂੰ ਤਾਂ ਕੋਈ ਤੁਕ ਨਹੀਂ ਲੱਗ ਰਹੀ ਸੀ।"

228॥ ਮੁਕੱਦਮਾ