"ਕੌਣ ਏਂ ਤੂੰ?" ਕੇ. ਨੇ ਛੇਤੀ ਨਾਲ ਪੁੱਛਿਆ ਅਤੇ ਆਪਣਾ ਚਿਹਰਾ ਉਸਦੇ ਚਿਹਰੇ ਦੇ ਬਿਲਕੁਲ ਕੋਲ ਲੈ ਗਿਆ। ਅੰਦਰ ਵੜਨ ਵਾਲੇ ਕਮਰੇ ਦੀ ਥੋੜ੍ਹੀ ਜਿਹੀ ਰੌਸ਼ਨੀ ਵਿੱਚ ਜ਼ਿਆਦਾ ਵਿਖਾਈ ਨਹੀਂ ਦੇ ਰਿਹਾ ਸੀ।
"ਸ਼੍ਰੀ ਮਾਨ ਜੀ, ਮੈਂ ਚੌਂਕੀਦਾਰ ਦਾ ਮੁੰਡਾ ਹਾਂ।" ਮੁੰਡੇ ਨੇ ਮੂੰਹ 'ਚੋਂ ਪਾਇਪ ਕੱਢਦੇ ਅਤੇ ਇੱਕ ਪਾਸੇ ਹਟਦੇ ਹੋਏ ਜਵਾਬ ਦਿੱਤਾ।
"ਚੌਕੀਦਾਰ ਦਾ ਮੁੰਡਾ?" ਕੇ. ਨੇ ਪਰੇਸ਼ਾਨੀ ਨਾਲ ਆਪਣੀ ਸੋਟੀ ਜ਼ਮੀਨ ਉੱਪਰ ਮਾਰਦੇ ਹੋਏ ਕਿਹਾ।
"ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਂ ਆਪਣੇ ਪਿਤਾ ਨੂੰ ਬੁਲਾਵਾਂ?"
"ਨਹੀਂ ਨਹੀਂ।" ਕੇ. ਨੇ ਇਸ ਲਹਿਜੇ 'ਚ ਕਿਹਾ ਜਿਵੇਂ ਮੁੰਡੇ ਨੇ ਕੋਈ ਬਹੁਤ ਵੱਡੀ ਗ਼ਲਤੀ ਕਰ ਦਿੱਤੀ ਹੋਵੇ ਅਤੇ ਉਹ ਉਸ ਨੂੰ ਮਾਫ਼ ਕਰ ਰਿਹਾ ਹੋਵੇ।
"ਠੀਕ ਹੈ।" ਅੱਗੇ ਵਧਦੇ ਹੋਏ ਉਸਨੇ ਕਿਹਾ, ਪਰ ਪੌੜੀ ਚੜਨ ਤੋਂ ਪਹਿਲਾਂ, ਉਸਨੇ ਇੱਕ ਵਾਰ ਫਿਰ ਪਿੱਛੇ ਮੁੜਕੇ ਵੇਖਿਆ।
ਉਹ ਸਿੱਧਾ ਆਪਣੇ ਕਮਰੇ ਵਿੱਚ ਵੀ ਜਾ ਸਕਦਾ ਸੀ ਪਰ ਕਿਉਂਕਿ ਉਹ ਫ਼ਰਾਅ ਗਰੁਬਾਖ਼ ਨਾਲ ਗੱਲ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਸਿੱਧਾ ਉਸਦਾ ਬੂਹਾ ਖੜਕਾਇਆ। ਉਹ ਮੇਜ਼ 'ਤੇ ਪਏ ਕੱਪੜੇ ਨੂੰ ਰਫੂ ਕਰਨ ਵਿੱਚ ਲੀਨ ਸੀ। ਉਸਦੇ ਕਿਨਾਰੇ ਇੱਕ ਪੁਰਾਣਾ ਕਪੜਿਆਂ ਦਾ ਢੇਰ ਪਿਆ ਹੋਇਆ ਸੀ। ਗੁੰਮ ਜਿਹੇ ਕੇ. ਨੇ ਉਸਨੂੰ ਕਿਹਾ ਕਿ ਉਹ ਇੰਨੀ ਦੇਰ ਨਾਲ ਇੱਧਰ ਆਇਆ ਹੈ ਤਾਂ ਉਹ ਉਸਨੂੰ ਮਾਫ਼ ਕਰੇ, ਪਰ ਫ਼ਰਾਅ ਗਰੁਬਾਖ਼ ਇੱਕ ਦਮ ਸਾਫ਼ ਸੀ ਕਿ ਇਸਦੀ ਕੋਈ ਲੋੜ ਨਹੀਂ ਹੈ ਅਤੇ ਉਹ ਆਪ ਵੀ ਉਸ ਨਾਲ ਗੱਲ ਕਰਨ ਲਈ ਕਾਹਲੀ ਹੈ ਅਤੇ ਉਸਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਉਸਦਾ ਸਭ ਤੋਂ ਵਧੀਆ ਕਿਰਾਏਦਾਰ ਹੈ। ਕੇ. ਨੇ ਕਮਰੇ ਦਾ ਜਾਇਜ਼ਾ ਲਿਆ। ਹਰ ਚੀਜ਼ ਵਾਪਸ ਆਪਣੀ ਜਗ੍ਹਾ 'ਤੇ ਆ ਟਿਕੀ ਸੀ। ਸਵੇਰੇ ਨਾਸ਼ਤੇ ਦੀਆਂ ਜਿਹੜੀਆਂ ਪਿਆਲੀਆਂ ਖਿੜਕੀ ਦੇ ਕੋਲ ਪਏ ਮੇਜ਼ 'ਤੇ ਖਿੱਲਰੀਆਂ ਹੋਈਆਂ ਸਨ, ਇਸ ਵੇਲੇ ਉੱਥੇ ਨਹੀਂ ਸਨ। ਉਹ ਸੋਚ ਰਿਹਾ ਸੀ ਕਿ ਇਹਨਾਂ ਔਰਤਾਂ ਦੇ ਹੱਥ ਇੱਕ ਵੇਲੇ ’ਚ ਕਿੰਨੇ ਹੀ ਕੰਮ ਨਬੇੜ ਸਕਦੇ ਹਨ। ਉਹ ਆਪ ਉਹਨਾਂ ਪਿਆਲੀਆਂ ਨੂੰ ਉੱਥੇ ਹੀ ਤੋੜ-ਭੰਨ ਕੇ ਢੇਰ ਤਾਂ ਕਰ ਸਕਦਾ ਸੀ, ਪਰ ਪੱਕਾ ਹੀ ਉਹ ਉਹਨਾਂ ਨੂੰ ਉੱਥੋਂ ਹਟਾ ਨਹੀਂ ਸਕਦਾ ਸੀ। ਉਸਨੇ ਫ਼ਰਾਅ ਗਰੁਬਾਖ਼ ਨੂੰ ਧਿਆਨ ਨਾਲ ਵੇਖਿਆ।
"ਤੁਸੀਂ ਇੰਨੀ ਦੇਰ ਤੱਕ ਕੰਮ 'ਚ ਕਿਉਂ ਉਲਝੇ ਪਏ ਹੋਂ?" ਉਸਨੇ ਪੁੱਛਿਆ।
29