ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/235

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਮਲਿਆਂ ਵਿੱਚ ਕੋਈ ਵੀ ਤਜਰਬੇਕਾਰ ਵਿਅਕਤੀ ਆਰੋਪੀ ਨੂੰ ਉਸ ਭੀੜ ਵਿੱਚ ਪਛਾਣ ਸਕਣ ਦੀ ਸਮਰੱਥਾ ਰੱਖਦਾ ਹੈ। ਕਿਵੇਂ? ਤੂੰ ਪੁੱਛ ਸਕਦਾ ਏਂ। ਮੇਰਾ ਜਵਾਬ ਤੈਨੂੰ ਸੰਤੁਸ਼ਟ ਨਹੀਂ ਕਰੇਗਾ। ਠੀਕ-ਠੀਕ ਕਹੀਏ ਤਾਂ ਉਹ ਲੋਕ ਬੇਹੱਦ ਸੋਹਣੇ ਹੁੰਦੇ ਹਨ। ਇਹ ਅਪਰਾਧ-ਬੋਧ ਨਹੀਂ ਜਿਹੜਾ ਉਨ੍ਹਾਂ ਨੂੰ ਸੋਹਣਾ ਬਣਾਉਂਦਾ ਹੈ-ਘੱਟੋ-ਘੱਟੋ ਇੱਕ ਵਕੀਲ ਦੇ ਤੌਰ 'ਤੇ ਮੇਰੇ ਖਿਆਲ ਨਾਲ-ਆਖਰਕਾਰ ਉਹ ਸਾਰੇ ਅਪਰਾਧੀ ਹੀ ਤਾਂ ਨਹੀਂ ਹੁੰਦੇ ਹਨ ਅਤੇ ਨਾ ਹੀ ਭਵਿੱਖ ਵਿੱਚ ਹੋਣ ਵਾਲੀ ਸਜ਼ਾ ਹੈ, ਜਿਹੜੀ ਉਹਨਾਂ ਨੂੰ ਪਹਿਲਾਂ ਹੀ ਸੋਹਣਾ ਬਣਾ ਦੇਵੇ, ਅਤੇ ਉਹਨਾਂ ਸਾਰਿਆਂ ਨੂੰ ਸਜ਼ਾ ਵੀ ਤਾਂ ਨਹੀਂ ਹੁੰਦੀ, ਇਸ ਲਈ ਇਹ ਕਾਨੂੰਨੀ ਕਾਰਵਾਈ ਦਾ ਹੀ ਨਤੀਜਾ ਹੋ ਸਕਦਾ ਹੈ ਜਿਹੜੀ ਉਸਦੇ ਨਾਲ ਜੁੜੀ ਹੁੰਦੀ ਹੈ। ਬੇਸ਼ੱਕ ਇਹਨਾਂ ਸੋਹਣੇ ਲੋਕਾਂ ਵਿੱਚ ਕੁੱਝ ਤਾਂ ਸਿਰਕੱਢ ਹੁੰਦੇ ਹਨ। ਪਰ ਉਹ ਸਾਰੇ ਸੋਹਣੇ ਤਾਂ ਹੁੰਦੇ ਹੀ ਹਨ, ਇੱਥੋਂ ਤੱਕ ਕਿ ਉਹ ਮੰਦਭਾਗੇ ਕੀੜੇ ਜਿਹਾ ਬਲੌਕ ਵੀ।"

ਜਦੋਂ ਵਕੀਲ ਨੇ ਬੋਲਣਾ ਬੰਦ ਕਰ ਦਿੱਤਾ ਤਾਂ ਕੇ. ਆਪਣੇ ਸੁਭਾਵਿਕ ਰੂਪ ਵਿੱਚ ਆ ਗਿਆ ਸੀ, ਅਤੇ ਵਕੀਲ ਦੇ ਆਖਰੀ ਸ਼ਬਦਾਂ ਤੇ ਤਾਂ ਉਸਨੇ ਬਿਨ੍ਹਾਂ ਸੋਚ-ਸਮਝੇ ਹੀ ਹਾਮੀ ਭਰ ਦਿੱਤੀ ਸੀ। ਉਸਨੂੰ ਇਹ ਸਭ ਆਪਣੀ ਪਿਛਲੀ ਉਸ ਧਾਰਨਾ ਦੀ ਪੁਸ਼ਟੀ ਜਿਹਾ ਪ੍ਰਤੀਤ ਹੋਇਆ ਜਿਵੇਂ ਕਿ ਵਕੀਲ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦਾ ਹੈ, ਅਤੇ ਦਰਅਸਲ ਇਸ ਵਕਤ ਵੀ ਉਹ ਇਹੀ ਕੋਸ਼ਿਸ਼ ਕਰ ਰਿਹਾ ਸੀ, ਕਿ ਉਸਦਾ ਧਿਆਨ ਕਿਸੇ ਬੇਤੁਕੀਆਂ ਆਮ ਟਿੱਪਣੀਆਂ ਦੇ ਵੱਲ ਲੈ ਕੇ ਜਾਇਆ ਜਾਵੇ ਅਤੇ ਇਸ ਤਰ੍ਹਾਂ ਇਸ ਮੂਲ ਸਵਾਲ ਨਾਲ ਕਿ ਉਸਨੇ ਕੇ. ਦੇ ਮੁਕੱਦਮੇ 'ਤੇ ਕੀ ਕਾਰਵਾਈ ਕੀਤੀ ਹੈ। ਉਸਨੂੰ ਇਸ ਮਸਲੇ ਤੋਂ ਹਟਾ ਕੇ ਕਿਸੇ ਹੋਰ ਪਾਸੇ ਮੋੜ ਲਿਆ ਜਾਵੇ। ਪਰ ਇਸ ਮੌਕੇ ਤੇ ਵਕੀਲ ਨੇ ਸ਼ਾਇਦ ਇਹ ਅੰਦਾਜ਼ਾ ਲਾ ਲਿਆ ਸੀ ਕਿ ਅੱਜ ਕੇ. ਹਮੇਸ਼ਾ ਤੋਂ ਵਧੇਰੇ ਵਿਰੋਧਾਤਮਕ ਵਿਹਾਰ ਵਿਖਾ ਰਿਹਾ ਸੀ, ਕਿਉਂਕਿ ਹੁਣ ਉਹ ਕੇ. ਨੂੰ ਬੋਲਣ ਦਾ ਮੌਕਾ ਦੇਣ ਦੇ ਇਰਾਦੇ ਨਾਲ ਚੁੱਪ ਹੋ ਗਿਆ ਸੀ। ਅਤੇ ਹੁਣ ਵੀ ਕਿਉਂਕਿ ਕੇ. ਕੁੱਝ ਨਹੀਂ ਬੋਲਿਆ, ਇਸ ਲਈ ਉਸਨੇ ਕਿਹਾ-"ਕੀ ਤੂੰ ਅੱਜ ਮੈਨੂੰ ਕਿਸੇ ਖ਼ਾਸ ਵਜ੍ਹਾ ਕਰਕੇ ਮਿਲਣ ਆਇਆ ਏਂ?"

"ਹਾਂ," ਕੇ. ਨੇ ਜਵਾਬ ਦਿੱਤਾ ਅਤੇ ਮੋਮਬੱਤੀ ਦੀ ਲੌ ਦੇ ਦੁਆਲੇ ਆਪਣੇ ਹੱਥ ਨਾਲ ਘੇਰਾ ਬਣਾ ਲਿਆ ਤਾਂ ਕਿ ਵਕੀਲ ਨੂੰ ਵਧੇਰੇ ਚੰਗੀ ਤਰ੍ਹਾਂ ਵਿਖਾਈ ਦੇ ਸਕੇ। "ਮੈਂ ਇੱਥੇ ਇਸ ਲਈ ਆਇਆ ਸੀ ਕਿ ਤੁਹਾਨੂੰ ਇਹ ਦੱਸ ਸਕਾਂ ਕਿ ਮੈਂ ਆਪਣਾ ਮੁਕੱਦਮਾ ਤੁਹਾਡੇ ਤੋਂ ਵਾਪਸ ਲੈਣ ਦਾ ਫ਼ੈਸਲਾ ਕਰ ਲਿਆ ਹੈ। ਅੱਜ ਤੋਂ ਹੀ।"

241॥ ਮੁਕੱਦਮਾ