ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/237

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਜਿਸਤੋਂ ਉਹ ਬਚਣਾ ਚਾਹੁੰਦਾ ਸੀ। ਇਸ ਟਿੱਪਣੀਆਂ ਉਸਨੂੰ ਦੁਚਿੱਤੀ ਵਿੱਚ ਪਾ ਰਹੀਆਂ ਸਨ, ਭਾਵੇਂ ਉਸਨੇ ਆਪਣੇ ਆਪ ਨੂੰ ਕਿਹਾ, ਚਾਹੇ ਉਹ ਉਸਨੂੰ ਆਪਣੇ ਫ਼ੈਸਲਾ ਬਦਲਣ ਲਈ ਮਜਬੂਰ ਨਹੀਂ ਕਰ ਸਕਦੀਆਂ ਸਨ।

"ਤੁਹਾਡੇ ਦੋਸਤਾਨਾ ਵਿਹਾਰ ਦੇ ਮੈਂ ਤੁਹਾਡਾ ਧੰਨਵਾਦੀ ਹਾਂ," ਉਸਨੇ ਕਿਹਾ, "ਅਤੇ ਮੈਂ ਇਹ ਵੀ ਮੰਨਦਾ ਹਾਂ ਕਿ ਤੁਸੀਂ ਮੇਰੇ ਮੁਕੱਦਮੇ ਵਿੱਚ ਉਨੀ ਦਿਲਚਸਪੀ ਵਿਖਾਈ ਹੈ ਜਿੰਨੀ ਕਿ ਤੁਸੀਂ ਵਿਖਾ ਸਕਦੇ ਸੀ ਅਤੇ ਉਨੀ ਜਿੰਨੀ ਕਿ ਤੁਸੀਂ ਮੇਰੇ ਹਿਤ ਵਿੱਚ ਸਮਝਦੇ ਸੀ। ਇਸ ਸਮੇ, ਹਾਲਾਂਕਿ ਮੈਨੂੰ ਇਹ ਲੱਗਦਾ ਹੈ ਕਿ ਉਹ ਕਾਫ਼ੀ ਨਹੀਂ ਸੀ। ਬੇਸ਼ੱਕ ਮੈਂ ਤੁਹਾਨੂੰ ਇਸੇ ਸੋਚ ਦੇ ਪ੍ਰਤੀ ਮਨਾਏ ਜਾਣ ਦੀ ਕੋਸ਼ਿਸ਼ ਨਹੀਂ ਕਰਾਂਗਾ ਕਿਉਂਕਿ ਤੁਸੀਂ ਮੇਰੇ ਤੋਂ ਵਧੇਰੇ ਤਜਰਬਾ ਰੱਖਦੇ ਹੋਂ। ਜੇਕਰ ਕਦੇ ਮੈਂ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ। ਪਰ ਇਹ ਮਸਲਾ, ਜਿਵੇਂ ਕਿ ਤੁਸੀਂ ਆਪ ਕਿਹਾ, ਹੁਣ ਕਾਫ਼ੀ ਮੁਸ਼ਕਲਾਂ ਭਰਿਆਂ ਹੈ ਅਤੇ ਹੁਣ ਤੈਅ ਹੈ ਕਿ ਅੱਜ ਤੱਕ ਜੋ ਵੀ ਨਜ਼ਰੀਆ ਅਪਣਾਇਆ ਗਿਆ, ਉਸਤੋਂ ਵਧੇਰੇ ਔਖੇ ਤਰੀਕੇ ਅਪਣਾਏ ਜਾਣੇ ਜ਼ਰੂਰੀ ਹੋ ਗਿਆ ਹੈ।"

"ਮੈਂ ਤੈਨੂੰ ਸਮਝ ਸਕਦਾ ਹਾਂ," ਵਕੀਲ ਨੇ ਕਿਹਾ, "ਤੂੰ ਬੜਾ ਉਤਾਵਲਾ ਏਂ।"

"ਮੈਂ ਉਤਾਵਲਾ ਨਹੀਂ ਹਾਂ," ਕੇ. ਕੁੱਝ ਬੇਚੈਨ ਹੋ ਕੇ ਬੋਲਿਆ, ਇਸ ਲਈ ਉਸਨੇ ਉਸਦੇ ਕਹੇ ਦਾ ਬਹੁਤਾ ਬੁਰਾ ਨਹੀਂ ਮਨਾਇਆ। "ਜਦੋਂ ਪਹਿਲੀ ਵਾਰ ਮੈਂ ਚਾਚੇ ਦੇ ਨਾਲ ਤੁਹਾਨੂੰ ਮਿਲਣ ਲਈ ਆਇਆ ਸੀ ਤਾਂ ਤੁਸੀਂ ਜ਼ਰੂਰ ਇਹ ਮਹਿਸੂਸ ਕੀਤਾ ਹੋਵੇਗਾ ਕਿ ਇਸ ਮੁਕੱਦਮੇ ਦੀ ਉਦੋਂ ਮੇਰੇ ਲਈ ਕੋਈ ਖ਼ਾਸ ਅਹਿਮੀਅਤ ਨਹੀਂ ਸੀ ਅਤੇ ਜੇਕਰ ਜ਼ਬਰਦਸਤੀ ਮੈਨੂੰ ਯਾਦ ਨਾ ਦਵਾਈ ਜਾਂਦੀ ਤਾਂ ਮੈਂ ਇਸਨੂੰ ਭੁੱਲਿਆ ਹੀ ਰਹਿੰਦਾ। ਪਰ ਮੇਰੇ ਚਾਚੇ ਨੇ ਉਦੋਂ ਜ਼ਿੱਦ ਕੀਤੀ ਸੀ ਕਿ ਤੁਸੀਂ ਮੇਰਾ ਮੁਕੱਦਮਾ ਵੇਖੋਂ ਅਤੇ ਮੈਂ ਉਹਨਾਂ ਨੂੰ ਖੁਸ਼ ਕਰਨ ਦੇ ਲਈ ਮੰਨ ਗਿਆ ਸੀ। ਉਸ ਸਮੇਂ ਕੋਈ ਵੀ ਇਹ ਅੰਦਾਜ਼ਾ ਲਾ ਸਕਦਾ ਸੀ ਕਿ ਇਹ ਮੁਕੱਦਮਾ ਮੈਨੂੰ ਇੰਨਾ ਪਰੇਸ਼ਾਨ ਨਹੀਂ ਕਰੇਗਾ, ਕਿਉਂਕਿ ਕੋਈ ਵੀ ਮੁਕੱਦਮਾ ਜਦੋਂ ਕਿਸੇ ਵਕੀਲ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਇਹ ਬੇਨਤੀ ਤਾਂ ਰਹਿੰਦੀ ਹੀ ਹੈ ਕਿ ਹਵਾਲੇ ਕਰਨ ਵਾਲੇ ਦੇ ਦਿਮਾਗ ਤੋਂ ਕੁੱਝ ਬੋਝ ਤਾਂ ਹਲਕਾ ਹੋਵੇ। ਪਰ ਇੱਥੇ ਤਾਂ ਠੀਕ ਇਸ ਦੇ ਉਲਟ ਹੋਇਆ। ਜਦੋਂ ਤੋਂ ਤੁਸੀਂ ਇਹ ਮੁਕੱਦਮਾ ਆਪਣੇ ਹੱਥ ਵਿੱਚ ਲਿਆ ਹੈ ਉਦੋਂ ਤੋਂ ਮੈਨੂੰ ਇੰਨੀਆਂ ਚਿੰਤਾਵਾਂ ਨੇ ਕਦੇ ਨਹੀਂ ਸਤਾਇਆ ਸੀ। ਜਦੋਂ ਮੈਂ 'ਕੱਲਾ ਸੀ, ਤਾਂ

243॥ ਮੁਕੱਦਮਾ