ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/258

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗਾ। ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਤਾਂ ਬਾਹਰ ਗੈਲਰੀ ਵਿੱਚ ਅੱਧੀ ਰੌਸ਼ਨੀ ਵਿੱਚ ਆਗਿਆਕਾਰੀ ਭਾਵ ਨਾਲ ਝੁਕੇ ਹੋਏ ਗਾਹਕ ਵਿਖਾਈ ਦਿੰਦੇ-ਉਹ ਆਪਣੇ ਵੱਲ ਧਿਆਨ ਖਿੱਚਣ ਵਿੱਚ ਲੱਗੇ ਹੋਏ ਹੁੰਦੇ ਸਨ ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਅਸਲ ਵਿੱਚ ਉਹਨਾਂ ਨੂੰ ਵੇਖਿਆ ਗਿਆ ਹੈ ਕਿ ਨਹੀਂ। ਇਹ ਸਾਰੀਆਂ ਗਤੀਵਿਧੀਆਂ ਕੇ. ਦੇ ਦੁਆਲੇ ਹੋ ਰਹੀਆਂ ਸਨ ਜਿਵੇਂ ਉਹੀ ਇਸਦਾ ਕੇਂਦਰਬਿੰਦੂ ਹੋਵੇ, ਜਦਕਿ ਉਹ ਉਨ੍ਹਾਂ ਸ਼ਬਦਾਂ ਸੂਚੀ ਬਣਾ ਰਿਹਾ ਸੀ, ਜਿਸਦੀ ਉਸਨੂੰ ਲੋੜ ਸੀ, ਫ਼ਿਰ ਉਹ ਉਨ੍ਹਾਂ ਨੂੰ ਸ਼ਬਦਕੋਸ਼ ਵਿੱਚ ਤਲਾਸ਼ ਕਰਦਾ ਅਤੇ ਕਾਗ਼ਜ਼ ਉੱਪਰ ਲਿਖ ਲੈਂਦਾ, ਉਨ੍ਹਾਂ ਨੂੰ ਸਹੀ ਬੋਲ ਸਕਣ ਦਾ ਅਭਿਆਸ ਕਰਦਾ ਅਤੇ ਅੰਤ ਉਨ੍ਹਾਂ ਨੂੰ ਜ਼ੁਬਾਨੀ ਯਾਦ ਕਰਨ ਦੀ ਕੋਸ਼ਿਸ਼ ਕਰਦਾ। ਪਰ ਇੱਕ ਸਮੇਂ ਉਸਦੀ ਯਾਦਾਸ਼ਤ ਜਿਹੜੀ ਬਹੁਤ ਪੱਕੀ ਸੀ, ਅੱਜ ਉਸਨੂੰ ਧੋਖਾ ਦੇ ਰਹੀ ਸੀ। ਕਦੇ-ਕਦੇ ਉਸਨੂੰ ਉਸ ਇਤਾਲਵੀ ਉੱਪਰ ਵੀ ਗੁੱਸਾ ਆ ਜਾਂਦਾ ਜਿਸਦੇ ਕਾਰਨ ਉਸਨੂੰ ਇਹ ਮੁਸੀਬਤ ਝੱਲਣੀ ਪੈ ਰਹੀ ਸੀ ਅਤੇ ਉਹ ਸ਼ਬਦਕੋਸ਼ ਨੂੰ ਚੁੱਕ ਕੇ ਕਾਗ਼ਜ਼ਾਂ ਦੇ ਹੇਠਾਂ ਨੱਪ ਦਿੰਦਾ ਅਤੇ ਪ੍ਰਣ ਕਰ ਲੈਂਦਾ ਕਿ ਹੁਣ ਉਹ ਇਹ ਤਿਆਰੀ ਬੰਦ ਕਰ ਦੇਵੇਗਾ ਪਰ ਫ਼ਿਰ ਉਸਨੂੰ ਮਹਿਸੂਸ ਹੁੰਦਾ ਕਿ ਵੱਡੇ ਗਿਰਜਾਘਰ ਦੇ ਕਲਾਤਮਕ ਖ਼ਜ਼ਾਨੇ ਵਿੱਚ ਚੁੱਪ ਕਰਕੇ ਉਹ ਉਸ ਇਤਾਲਵੀ ਨੂੰ ਇੱਧਰ-ਉੱਧਰ ਘੁਮਾ ਕੇ ਹੀ ਆਪਣਾ ਕੰਮ ਨਹੀਂ ਚਲਾ ਸਕੇਗਾ, ਅਤੇ ਫ਼ਿਰ ਉਹ ਹੋਰ ਵਧੇਰੇ ਰੋਹ ਨਾਲ ਸ਼ਬਦਕੋਸ਼ ਦੋਬਾਰਾ ਚੁੱਕ ਲੈਂਦਾ।

ਠੀਕ ਸਾਢੇ ਨੌਂ ਵਜੇ, ਜਦੋਂ ਉਹ ਨਿਕਲਣ ਹੀ ਵਾਲਾ ਸੀ, ਉਸਨੂੰ ਟੈਲੀਫ਼ੋਨ ਆ ਗਿਆ। ਲੇਨੀ ਨੇ ਸ਼ੱਭ ਸਵੇਰ ਕਿਹਾ ਅਤੇ ਪੁੱਛਿਆ ਕਿ ਉਸਦਾ ਮਿਜਾਜ਼ ਕਿਸ ਤਰ੍ਹਾਂ ਹੈ। ਕੇ. ਨੇ ਛੇਤੀ ਨਾਲ ਉਸਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਸਮੇਂ ਕੋਈ ਗੱਲ ਨਹੀਂ ਕਰ ਸਕਦਾ, ਕਿਉਂਕਿ ਉਹ ਵੱਡੇ ਗਿਰਜਾਘਰ ਦੇ ਵੱਲ ਜਾਣ ਲੱਗਾ ਹੈ।

"ਵੱਡੇ ਗਿਰਜਾਘਰ ਵਿੱਚ?" ਲੇਨੀ ਨੇ ਪੁੱਛਿਆ।

"ਹਾਂ, ਵੱਡੇ ਗਿਰਜਾਘਰ।" ਉਸਨੇ ਜਵਾਬ ਦਿੱਤਾ।

"ਪਰ ਵੱਡੇ ਗਿਰਜਾਘਰ ਹੀ ਕਿਉਂ?" ਲੇਨੀ ਨੇ ਪੁੱਛਿਆ। ਕੇ. ਨੇ ਸੰਖੇਪ ਢੰਗ ਨਾਲ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਉਹ ਸ਼ੁਰੂ ਹੀ ਕਰਨ ਲੱਗਾ ਸੀ ਕਿ ਅਚਾਨਕ ਲੇਨੀ ਬੋਲ ਪਈ-

"ਉਹ ਤੈਨੂੰ ਤੰਗ ਕਰ ਰਹੇ ਹਨ।"

264॥ ਮੁਕੱਦਮਾ