ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/264

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਕਰਨਾ ਜ਼ਰੂਰੀ ਵੀ ਸੀ। ਵਰਜਿਨ ਮੇਰੀ ਦੀ ਤਸਵੀਰ ਦੇ ਸਾਹਮਣੇ ਕਿਤੇ, ਇਕ ਬੁੱਢੀ ਔਰਤ ਵੀ ਸੀ ਜੋ ਕਿ ਉਪਦੇਸ਼ ਸੁਣਨ ਹੀ ਆਈ ਲੱਗਦੀ ਸੀ। ਅਤੇ ਜੇਕਰ ਉਪਦੇਸ਼ ਸ਼ੁਰੂ ਹੋਣ ਵਾਲਾ ਸੀ ਤਾਂ ਇਸਦੀ ਔਰਗਨ (ਇੱਕ ਸੰਗੀਤਕ ਯੰਤਰ) ਨਾਲ ਸ਼ੁਰੂਆਤ ਕਿਉਂ ਨਹੀਂ ਕੀਤੀ ਗਈ ਸੀ? ਪਰ ਉਹ ਯੰਤਰ ਤਾਂ ਬਿਲਕੁਲ ਚੁੱਪ ਸੀ ਅਤੇ ਬਹੁਤ ਉਚਾਈ ਤੋਂ ਬਹੁਤ ਹਲਕਾ ਜਿਹਾ ਵਿਖਾਈ ਦਿੰਦਾ ਸੀ।

ਕੇ. ਗੰਭੀਰਤਾ ਨਾਲ ਸੋਚਣ ਲੱਗਾ ਕਿ ਜੋ ਉਹ ਇੱਥੋਂ ਛੇਤੀ ਹੀ ਨਹੀਂ ਨਿਕਲਿਆ ਤਾਂ ਉਪਦੇਸ਼ ਸ਼ੁਰੂ ਹੋਣ ਪਿੱਛੋਂ ਉਸਦਾ ਨਿਕਲਣਾ ਮੁਸ਼ਕਿਲ ਹੋ ਜਾਵੇਗਾ ਅਤੇ ਫ਼ਿਰ ਉਸਨੂੰ ਅੰਤ ਤੱਕ ਇੱਥੇ ਰਹਿਣਾ ਪਵੇਗਾ। ਦਫ਼ਤਰ ਤੋਂ ਬਾਹਰ ਉਸਨੇ ਬਹੁਤ ਸਮਾਂ ਗੁਆ ਦਿੱਤਾ ਹੈ ਅਤੇ ਹੁਣ ਉਸ ਇਤਾਲਵੀ ਦੀ ਉਡੀਕ ਕਰਦੇ ਰਹਿਣਾ ਉਸਦੀ ਕੋਈ ਮਜਬੂਰੀ ਵੀ ਨਹੀਂ ਹੈ। ਉਸਨੇ ਆਪਣੀ ਘੜੀ ਵੇਖੀ, ਗਿਆਰਾਂ ਵੱਜ ਚੁੱਕੇ ਸਨ। ਪਰ ਕੀ ਇਹ ਸਚਮੁੱਚ ਸੰਭਵ ਸੀ ਕਿ ਉੱਥੇ ਉਪਦੇਸ਼ ਸ਼ੁਰੂ ਹੋਣ ਵਾਲਾ ਸੀ? ਕੀ ਕੇ. ਆਪਣੇ ਤੌਰ 'ਤੇ ਪੂਰੇ ਸਮੂਹ ਦਾ ਗਠਨ ਕਰ ਸਕਦਾ ਹੈ? ਇਹ ਕਿਵੇਂ ਹੋ ਸਕਦਾ ਹੈ ਜਦੋਂ ਕਿ ਉਹ ਤਾਂ ਇੱਕ ਅਜਨਬੀ ਸੀ ਜੋ ਕਿ ਗਿਰਜੇ ਨੂੰ ਵੇਖਣਾ ਚਾਹੁੰਦਾ ਸੀ? ਅਤੇ ਉਹ ਕੁੱਲ ਮਿਲਾ ਕੇ ਇਹੀ ਸੀ। ਇੱਕ ਕੰਮ ਵਾਲੇ ਦਿਨ ਗਿਆਰਾਂ ਵਜੇ ਇਹ ਉਪਦੇਸ਼ ਦੇਣਾ ਅਤੇ ਉਹ ਵੀ ਇਸ ਭਿਆਨਕ ਮੌਸਮ ਵਿੱਚ ਕਿੰਨਾ ਬੇਹੂਦਾ ਸੀ। ਜਾਹਰ ਤੌਰ 'ਤੇ ਪਾਦਰੀ-ਕਿਉਂਕਿ ਬੇਸ਼ੱਕ ਉਹ ਪਾਦਰੀ ਹੀ ਸੀ, ਇੱਕ ਜਵਾਨ ਵਿਅਕਤੀ ਜਿਸਦਾ ਚਿਹਰਾ ਸਪੱਸ਼ਟ ਅਤੇ ਕਾਲਾ ਸੀ-ਸਿਰਫ਼ ਲੈਂਪ ਬੁਝਾਉਣ ਲਈ ਉੱਪਰ ਚੜ੍ਹ ਰਿਹਾ ਸੀ, ਜਿਸਨੂੰ ਕਿ ਕਿਸੇ ਨੇ ਗ਼ਲਤੀ ਨਾਲ ਜਲਾ ਦਿੱਤਾ ਸੀ।

ਪਰ ਕਿਸੇ ਨੇ ਕੋਈ ਗਲਤੀ ਨਹੀਂ ਸੀ ਕੀਤੀ, ਇਸਦੇ ਉਲਟ ਪਾਦਰੀ ਨੇ ਲੈਂਪ ਦਾ ਪਰੀਖਣ ਕੀਤਾ ਅਤੇ ਇਸਨੂੰ ਹੋਰ ਰੌਸ਼ਨ ਕਰ ਦਿੱਤਾ ਅਤੇ ਫ਼ਿਰ ਉਹ ਕਟਿਹਰੇ ਵੱਲ ਵਧਿਆ ਅਤੇ ਇਸਦਾ ਅਗਲਾ ਕੋਣੀ ਕਿਨਾਰਾ ਦੋਵਾਂ ਹੱਥਾਂ ਨਾਲ ਫੜ੍ਹ ਲਿਆ। ਇਸ ਸਥਿਤੀ ਵਿੱਚ ਉਹ ਕੁੱਝ ਦੇਰ ਖੜ੍ਹਾ ਰਿਹਾ ਅਤੇ ਬਿਨ੍ਹਾਂ ਸਿਰ ਹਿਲਾਏ ਵੇਖਦਾ ਰਿਹਾ। ਕੇ. ਹੁਣ ਕਾਫ਼ੀ ਦੂਰੀ 'ਤੇ ਚਲਾ ਗਿਆ ਸੀ ਅਤੇ ਪਹਿਲੀ ਸਤਰ ਤੇ ਆਪਣੀਆਂ ਕੂਹਣੀਆਂ ਟਿਕਾਈ ਖੜ੍ਹਾ ਸੀ। ਠੀਕ ਤਰ੍ਹਾਂ ਤਾਂ ਉਹ ਨਹੀਂ ਵੇਖ ਸਕਦਾ ਸੀ, ਪਰ ਉਸਨੂੰ ਪਤਾ ਸੀ ਕਿ ਉਹ ਸੇਵਾਦਾਰ ਉੱਥੇ ਮੌਜੂਦ ਹੈ। ਉਹ ਚੁੱਪਚਾਪ ਅਤੇ ਆਰਾਮਦੇਹ ਹਾਲਤ ਵਿੱਚ ਸੀ ਜਿਵੇਂ ਕਿ ਉਸਦਾ ਕੰਮ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ ਹੋਵੇ। ਵੱਡੇ ਗਿਰਜਾਘਰ ਵਿੱਚ ਹੁਣ ਕਿੰਨੀ ਸ਼ਾਂਤੀ ਸੀ। ਫ਼ਿਰ ਵੀ ਕੇ. ਨੂੰ

270॥ ਮੁਕੱਦਮਾ