ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/266

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਵੇਗਾ ਕਿਉਂਕਿ ਇਸਦਾ ਮਤਲਬ ਇਹ ਹੋਵੇਗਾ ਕਿ ਉਹ ਚੰਗੀ ਤਰ੍ਹਾਂ ਸਮਝ ਗਿਆ ਹੈ ਕਿ ਉਹ ਉਹੀ ਆਦਮੀ ਹੈ ਜਿਸਦਾ ਨਾਮ ਲਿਆ ਗਿਆ ਹੈ, ਅਤੇ ਉਸਨੇ ਉਸ ਹੁਕਮ ਦੀ ਤਾਮੀਲ ਕਰ ਲਈ ਹੈ। ਜੇਕਰ ਪਾਦਰੀ ਨੇ ਉਸਨੂੰ ਇਕ ਦਮ ਫ਼ਿਰ ਬੁਲਾ ਲਿਆ ਹੁੰਦਾ ਤਾਂ ਕੇ. ਪੱਕਾ ਹੀ ਚਲਾ ਗਿਆ ਹੁੰਦਾ, ਪਰ ਕਾਫ਼ੀ ਉਡੀਕ ਕਰਨ ਪਿੱਛੋਂ ਵੀ ਜਦੋਂ ਸਭ ਕੁੱਝ ਸ਼ਾਂਤ ਰਿਹਾ ਤਾਂ ਆਪਣਾ ਸਿਰ ਰਤਾ ਘੁਮਾਇਆ ਅਤੇ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਹੁਣ ਪਾਦਰੀ ਕੀ ਕਰ ਰਿਹਾ ਹੈ। ਉਹ ਤਾਂ ਉਪਦੇਸ਼-ਮੰਚ ਦੇ ਕੋਲ ਹੀ ਪਹਿਲਾਂ ਵਾਂਗ ਚੁੱਪਚਾਪ ਖੜ੍ਹਾ ਸੀ ਅਤੇ ਇਹ ਸਪੱਸ਼ਟ ਸੀ ਕਿ ਉਸਨੇ ਕੇ. ਨੂੰ ਆਪਣਾ ਸਿਰ ਘੁਮਾਉਂਦੇ ਹੋਏ ਵੇਖ ਲਿਆ ਸੀ। ਜੇਕਰ ਕੇ. ਹੁਣ ਪੂਰੀ ਤਰ੍ਹਾਂ ਨਾ ਘੁੰਮ ਜਾਂਦਾ ਤਾਂ ਇਹ ਲੁਕਣ-ਮੀਚੀ ਦੀ ਬਚਕਾਨਾ ਜਿਹੀ ਖੇਡ ਹੁੰਦੀ। ਜਦੋਂ ਉਹ ਪੂਰੀ ਤਰ੍ਹਾਂ ਘੁੰਮ ਗਿਆ ਤਾਂ ਪਾਦਰੀ ਨੇ ਉਸਨੂੰ ਆਪਣੀ ਉਂਗਲ ਦੇ ਇਸ਼ਾਰੇ ਨਾਲ ਬੁਲਾਇਆ। ਹੁਣ ਕਿਉਂਕਿ ਟਾਲਮਟੋਲ ਕਰਨ ਦੀ ਲੋੜ ਨਹੀਂ ਸੀ, ਇਸ ਲਈ ਉਹ ਜਗਿਆਸਾ ਨਾਲ ਲੰਮੇ ਕਦਮਾਂ ਉਪਦੇਸ਼-ਮੰਚ ਦੇ ਵੱਲ ਤੁਰ ਪਿਆ। ਉਹ ਪਹਿਲੀ ਸਤਰ ਦੇ ਕੋਲ ਰੁਕਿਆ ਪਰ ਪਾਦਰੀ ਨੂੰ ਲੱਗਿਆ ਕਿ ਉਹ ਅਜੇ ਦੂਰ ਹੈ ਅਤੇ ਆਪਣੀ ਬਾਂਹ ਕੱਢ ਕੇ ਉਂਗਲ ਨਾਲ ਉਪਦੇਸ਼-ਮੰਚ ਦੇ ਠੀਕ ਸਾਹਮਣੇ ਵਾਲੇ ਜਗ੍ਹਾ 'ਤੇ ਆਉਣ ਦਾ ਇਸ਼ਾਰਾ ਕੀਤਾ। ਕੇ. ਉੱਥੇ ਪਹੁੰਚ ਗਿਆ, ਪਰ ਇੱਕ ਵਾਰ ਫ਼ਿਰ ਉਸਨੂੰ ਉੱਥੇ ਪਹੁੰਚ ਕੇ ਆਪਣਾ ਸਿਰ ਪਿੱਛੇ ਝੁਕਾ ਕੇ ਵੇਖਣਾ ਪਿਆ ਕਿ ਕੀ ਪਾਦਰੀ ਹੁਣ ਵੀ ਉੱਥੇ ਹੀ ਹੈ।

"ਤੂੰ ਜੋਸਫ਼ ਕੇ. ਏਂ?" ਕਟਿਹਰੇ ਦੇ ਕੋਲੋਂ ਪਾਦਰੀ ਨੇ ਇੱਕ ਇਸ਼ਾਰਾ ਬਣਾਉਣ ਲਈ ਆਪਣਾ ਹੱਥ ਉਤਾਂਹ ਚੁੱਕਿਆ, ਜਿਸਦਾ ਮਤਲਬ ਸਾਫ਼ ਨਹੀਂ ਸੀ।

"ਹਾਂ," ਕੇ. ਨੇ ਜਵਾਬ ਦਿੱਤਾ, ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣਾ ਨਾਮ ਕਿਵੇਂ ਸੁਣਨ ਲਈ ਤਿਆਰ ਰਹਿੰਦਾ ਹੈ ਅਤੇ ਕਿਵੇਂ ਇਹ ਪਿਛਲੇ ਕੁੱਝ ਸਮੇਂ ਤੋਂ ਉਸਦੇ ਉੱਪਰ ਬੋਝ ਬਣਿਆ ਹੋਇਆ ਹੈ। ਹੁਣ ਤਾਂ ਇਹ ਉਨ੍ਹਾਂ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ, ਜਿਨ੍ਹਾਂ ਉਹ ਕਦੇ ਮਿਲਿਆ ਹੀ ਨਹੀਂ ਸੀ। ਇਹ ਕਿੰਨਾ ਚੰਗਾ ਹੁੰਦਾ ਹੈ ਕਿ ਜਦੋਂ ਤੱਕ ਆਪਣੀ ਜਾਣ-ਪਛਾਣ ਨਾ ਦੱਸੀ ਜਾਵੇ ਉਦੋਂ ਤੱਕ ਆਦਮੀ ਅਜਨਬੀ ਹੀ ਰਹੇ।

"ਤੇਰੇ 'ਤੇ ਦੋਸ਼ ਲੱਗਿਆ ਹੋਇਆ ਹੈ," ਪਾਦਰੀ ਨੇ ਬਹੁਤ ਹੌਲ਼ੀ ਜਿਹੇ ਕਿਹਾ।

"ਹਾਂ," ਕੇ. ਨੇ ਜਵਾਬ ਦਿੱਤਾ- "ਮੈਨੂੰ ਇਸਦਾ ਪਤਾ ਹੈ।"

272॥ ਮੁਕੱਦਮਾ