ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/269

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿ ਰਹੇ ਹੋਂ," ਕੇ. ਬੋਲਿਆ, "ਪਰ ਹਮੇਸ਼ਾ ਨਹੀਂ। ਔਰਤਾਂ ਦੇ ਕੋਲ ਅਸੀਮ ਸ਼ਕਤੀ ਹੈ। ਜੇਕਰ ਕੁੱਝ ਇੱਕ ਔਰਤਾਂ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਨੂੰ ਵੀ ਆਪਣੇ ਕੰਮ ਲਈ ਰਾਜ਼ੀ ਕਰ ਲਵਾਂ ਤਾਂ ਹਰ ਹਾਲਤ ਵਿੱਚ ਮੇਰੀ ਜਿੱਤ ਪੱਕੀ ਹੈ। ਖ਼ਾਸ ਕਰਕੇ ਇਸ ਅਦਾਲਤ ਵਿੱਚ, ਜਿੱਥੇ ਲਗਭਗ ਸਾਰੇ ਲੋਕ ਔਰਤਾਂ ਦੇ ਪਿੱਛੇ ਭੱਜਣ ਵਾਲੇ ਹਨ। ਜਾਂਚ ਮੈਜਿਸਟ੍ਰੇਟ ਨੂੰ ਕੁੱਝ ਦੂਰੀ 'ਤੇ ਕਿਸੇ ਔਰਤ ਦੀ ਝਲਕ ਵਿਖਾ ਦੇਣਾ ਹੀ ਕਾਫ਼ੀ ਹੈ ਅਤੇ ਉਹ ਮੇਜ਼ ਉੱਪਰੋਂ ਛਾਲ ਮਾਰੇਗਾ ਅਤੇ ਆਰੋਪੀ ਨੂੰ ਕਹੇਗਾ ਕਿ ਉਸਦੇ ਗਾਇਬ ਹੋਣ ਤੋਂ ਪਹਿਲਾਂ ਉਸ ਔਰਤ ਨੂੰ ਉਸ ਤੱਕ ਪੁਚਾ ਦਿੱਤਾ ਜਾਵੇ," ਪਾਦਰੀ ਨੇ ਆਪਣਾ ਸਿਰ ਜੰਗਲੇ 'ਤੇ ਝੁਕਾ ਦਿੱਤਾ ਜਿਵੇਂ ਕਿ ਉਸ ਉੱਪਰ ਕਟਹਿਰੇ ਦੀ ਛੱਤ ਡਿੱਗ ਪਈ ਹੋਵੇ। ਬਾਹਰ ਮੌਸਮ ਕਿੰਨਾ ਖ਼ਰਾਬ ਹੋਵੇਗਾ? ਇੱਕ ਦਮ ਹਨੇਰਾ ਹੋ ਗਿਆ ਸੀ ਅਤੇ ਦਿਨ ਦੀ ਰੌਸ਼ਨੀ ਖ਼ਤਮ ਹੋ ਗਈ ਸੀ। ਵੱਡੀਆਂ ਖਿੜਕੀਆਂ ਦੇ ਕਾਲੇ ਸ਼ੀਸ਼ਿਆਂ ਵਿੱਚੋਂ ਰੌਸ਼ਨੀ ਦਾ ਕੋਈ ਕਤਰਾ ਵੀ ਹਨੇਰੀ ਕੰਧ ਨੂੰ ਛੋਹ ਨਹੀਂ ਰਿਹਾ ਸੀ ਅਤੇ ਇਸ ਵੇਲੇ ਸੇਵਾਦਾਰ ਨੇ ਮੰਚ 'ਤੇ ਇਕ -ਇਕ ਕਰਕੇ ਮੋਮਬੱਤੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ।

"ਕੀ ਤੁਸੀਂ ਮੇਰੇ ਨਾਲ ਨਰਾਜ਼ ਹੋਂ?" ਕੇ. ਨੇ ਪਾਦਰੀ ਤੋਂ ਪੁੱਛਿਆ, "ਸ਼ਾਇਦ ਤੁਹਾਨੂੰ ਇਹ ਅਹਿਸਾਸ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਅਦਾਲਤ ਦੀ ਸੇਵਾ ਕਰਦੇ ਹੋਂ?" ਉਸਨੂੰ ਕੋਈ ਜਵਾਬ ਨਾ ਮਿਲਿਆ, "ਮੈਂ ਤਾਂ ਤੁਹਾਨੂੰ ਸਿਰਫ਼ ਉਹ ਦੱਸ ਰਿਹਾ ਹਾਂ ਜਿਸਦਾ ਮੈਂ ਅਨੁਭਵ ਕੀਤਾ ਹੈ।" ਕੇ. ਨੇ ਕਿਹਾ। ਫ਼ਿਰ ਵੀ ਅੱਗੋਂ ਕੋਈ ਜਵਾਬ ਨਾ ਆਇਆ। ਹੁਣ ਪਾਦਰੀ ਕੇ. ਦੇ ਉੱਪਰ ਚੀਕ ਪਿਆ-

"ਤੂੰ ਆਪਣੀ ਨੱਕ ਦੇ ਦੋ ਇੰਚ ਦੂਰ ਵੀ ਨਹੀਂ ਵੇਖ ਸਕਦਾ।" ਇਹ ਬਹੁਤ ਗੁੱਸੇ ਨਾਲ ਕਿਹਾ ਗਿਆ ਸੀ, ਪਰ ਨਾਲ ਹੀ ਇਹ ਇਕ ਅਜਿਹੇ ਆਦਮੀ ਦੀ ਆਵਾਜ਼ ਦੀ ਤਰ੍ਹਾਂ ਲੱਗ ਰਿਹਾ ਸੀ ਜੋ ਆਪਣੇ ਸਾਹਮਣੇ ਡਿੱਗਦੇ ਕਿਸੇ ਆਦਮੀ ਨੂੰ ਵੇਖ ਰਿਹਾ ਹੋਵੇ, ਅਤੇ ਕਿਉਂਕਿ ਉਹ ਆਪ ਵੀ ਡਰਿਆ ਹੋਵੇ ਇਸ ਲਈ ਬਿਨ੍ਹਾਂ ਗੱਲ ਤੋਂ ਹੀ ਚੀਕੀ ਜਾ ਰਿਹਾ ਹੋਵੇ।

ਦੋਵੇਂ ਕਾਫ਼ੀ ਦੇਰ ਤੱਕ ਕੁੱਝ ਨਹੀਂ ਬੋਲੇ। ਮੰਚ ਦੇ ਹੇਠਾਂ ਇੰਨਾ ਹਨੇਰਾ ਸੀ ਕਿ ਸ਼ਾਇਦ ਪਾਦਰੀ ਚੰਗੀ ਤਰ੍ਹਾਂ ਕੇ. ਨੂੰ ਨਹੀਂ ਵੇਖ ਸਕਦਾ ਸੀ, ਜਦਕਿ ਛੋਟੇ ਲੈਂਪ ਦੇ ਥੋੜ੍ਹੀ ਜਿਹੀ ਰੌਸ਼ਨੀ ਵਿੱਚ ਕੇ. ਉਸਨੂੰ ਵੇਖ ਸਕਦਾ ਸੀ। ਪਾਦਰੀ ਹੇਠਾਂ ਕਿਉਂ ਨਹੀਂ ਆ ਰਿਹਾ? ਬੇਸ਼ੱਕ ਉਸਨੇ ਕੋਈ ਉਪਦੇਸ਼ ਨਹੀ ਦਿੱਤਾ ਸੀ, ਪਰ ਜੋ ਕੁੱਝ ਵੀ ਉਸਨੇ ਕੇ. ਨੂੰ ਕਿਹਾ ਉਸ ਨਾਲ ਉਸਦਾ ਭਲਾ ਹੋਣ ਦੀ ਬਜਾਏ ਬੁਰਾ ਹੋਣ ਦੀ ਵਧੀਕ

275॥ ਮੁਕੱਦਮਾ