ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/280

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੱਕ ਕਰਨ ਵਰਗਾ ਹੈ।"

"ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ," ਕੇ. ਬੋਲਿਆ ਅਤੇ ਆਪਣਾ ਸਿਰ ਹਿਲਾ ਦਿੱਤਾ, "ਜੇਕਰ ਇਸ ਵਿਚਾਰ ਨੂੰ ਮੰਨ ਲਿਆ ਜਾਵੇ ਤਾਂ ਇਸਦਾ ਮਤਲਬ ਇਹ ਹੋਵੇਗਾ ਕਿ ਦਰਬਾਨ ਨੇ ਜੋ ਵੀ ਕਿਹਾ ਉਸਨੂੰ ਸਹੀ ਮੰਨ ਲਓ, ਫ਼ਿਰ ਇਹ ਸੰਭਵ ਨਹੀਂ ਹੈ, ਅਤੇ ਤੁਸੀਂ ਆਪ ਹੀ ਤਫ਼ਸੀਲ ਵਿੱਚ ਇਸ ਬਾਰੇ ਕਿਹਾ ਹੈ।"

"ਨਹੀਂ," ਪਾਦਰੀ ਨੇ ਜਵਾਬ ਦਿੱਤਾ, "ਹਰ ਚੀਜ਼ ਨੂੰ ਸਹੀ ਮੰਨ ਲੈਣ ਦੀ ਲੋੜ ਨਹੀਂ, ਕੇਵਲ ਜ਼ਰੂਰੀ ਗੱਲਾਂ ਮੰਨਣੀਆਂ ਹੋਣਗੀਆਂ।"

"ਇਹ ਕਿੰਨਾ ਨਿਰਾਸ਼ ਜਨਕ ਦ੍ਰਿਸ਼ਟੀਕੋਣ ਹੈ," ਕੇ. ਨੇ ਕਿਹਾ, "ਝੂਠ ਨੂੰ ਦੁਨੀਆਂ ਦਾ ਨਿਯਮ ਬਣਾ ਦਿੱਤਾ ਗਿਆ ਹੈ।"

ਕੇ. ਨੇ ਫ਼ੈਸਲਾਕੁੰਨ ਤਰੀਕੇ ਨਾਲ ਇਹ ਕਿਹਾ, ਪਰ ਇਹ ਉਸਦਾ ਆਖਰੀ ਨਤੀਜਾ ਨਹੀਂ ਸੀ। ਉਹ ਇਸ ਕਹਾਣੀ ਦੇ ਸਾਰੇ ਖੋਜ-ਨਤੀਜਿਆਂ ਨੂੰ ਠੀਕ ਤਰ੍ਹਾਂ ਸਮਝਦਾ ਹੋਇਆ ਬਹੁਤ ਥੱਕ ਗਿਆ ਸੀ ਅਤੇ ਇਸਨੇ ਉਸਨੂੰ ਵਿਚਾਰਾਂ ਦੀ ਉਸ ਭੀੜ ਵਿੱਚ ਧੱਕ ਦਿੱਤਾ ਸੀ, ਜਿਹੜੀ ਕਿ ਯਥਾਰਥ ਤੋਂ ਪਰੇ ਸੀ ਅਤੇ ਜੋ ਕਿ ਅਦਾਲਤ ਦੇ ਕਰਮਚਾਰੀਆਂ ਵਿੱਚ ਬਹਿਸ ਦੇ ਲਈ ਵਧੇਰੇ ਢੁੱਕਵੀ ਸੀ। ਇੱਕ ਸਾਧਾਰਨ ਕਹਾਣੀ ਬੜੀ ਉਲਝਾਊ ਹੋ ਗਈ ਸੀ ਅਤੇ ਉਹ ਇਸਨੂੰ ਆਪਣੇ ਦਿਮਾਗ ਵਿੱਚ ਬਾਹਰ ਕੱਢ ਦੇਣਾ ਚਾਹੁੰਦਾ ਸੀ। ਅਤੇ ਪਾਦਰੀ, ਜਿਸਨੇ ਹੁਣ ਤੱਕ ਬਹੁਤ ਸਮਝਦਾਰੀ ਵਿਖਾਈ ਸੀ, ਨੇ ਹੁਣ ਉਸਨੂੰ ਇਹ ਕਾਰਨ ਦਿੱਤਾ ਅਤੇ ਕੇ. ਦੀ ਇਸ ਟਿੱਪਣੀ ਨੂੰ ਚੁੱਪਚਾਪ ਸੁਣ ਲਿਆ ਭਾਵੇਂ ਕਿ ਕੇ. ਦਾ ਵਿਚਾਰ ਉਸਦੇ ਵਿਚਾਰ ਤੋਂ ਉਲਟ ਸੀ।

ਉਹ ਕੁੱਝ ਦੇਰ ਚੁੱਪਚਾਪ ਤੁਰਦੇ ਰਹੇ। ਕੇ. ਪਾਦਰੀ ਦੇ ਨਾਲ ਜੁੜਿਆ ਰਿਹਾ ਅਤੇ ਉਸਨੂੰ ਕੁੱਝ ਪਤਾ ਨਹੀਂ ਸੀ ਉਹ ਕਿੱਥੇ ਹੈ। ਲੰਮੇ ਸਮੇਂ ਤੋਂ ਜਿਸ ਟਾਰਚ ਨੂੰ ਉਸਨੇ ਹੱਥ ਵਿੱਚ ਫੜ੍ਹਿਆ ਹੋਇਆ ਸੀ, ਉਹ ਬੁਝ ਚੁੱਕੀ ਸੀ। ਜਦੋਂ ਸਾਹਮਣੇ ਕਿਸੇ ਸੰਤ ਦੀ ਚਾਂਦੀ ਮੂਰਤੀ ਉਸ ਸਾਂਵੇ ਚਮਕੀ, ਸਿਰਫ਼ ਆਪਣੀ ਚਮਕ ਦੇ ਕਾਰਨ, ਅਤੇ ਨਾਲ ਦੀ ਨਾਲ ਹਨੇਰੇ ਵਿੱਚ ਗੁਆਚ ਗਈ, ਤਾਂ ਇਸ ਇਰਾਦੇ ਨਾਲ ਕਿ ਪਾਦਰੀ ਉੱਪਰ ਪੂਰੀ ਤਰ੍ਹਾਂ ਨਿਰਭਰ ਨਾ ਹੋਇਆ ਜਾਵੇ, ਕੇ. ਨੇ ਉਸਤੋਂ ਪੁੱਛਿਆ, "ਕੀ ਅਸੀਂ ਮੁੱਖ ਦਰਵਾਜ਼ੇ ਦੇ ਕੋਲ ਨਹੀਂ ਹਾਂ?"

"ਨਹੀਂ," ਪਾਦਰੀ ਨੇ ਜਵਾਬ ਦਿੱਤਾ, "ਅਜੇ ਤਾਂ ਅਸੀ ਉਸਤੋਂ ਕਾਫ਼ੀ ਦੂਰ

286॥ ਮੁਕੱਦਮਾ