ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/281

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਂ। ਕੀ ਤੂੰ ਵਾਪਿਸ ਜਾਣਾ ਚਾਹੁੰਦਾ ਏਂ?" ਭਾਵੇਂ ਵਕਤ ਦੇ ਉਸ ਖ਼ਾਸ ਪਲ ਵਿੱਚ ਉਹ ਵਾਪਿਸ ਜਾਣ ਬਾਰੇ ਨਹੀਂ ਸੋਚ ਰਿਹਾ ਸੀ, ਪਰ ਉਸਨੇ ਫ਼ੌਰਨ ਪੁੱਛਿਆ-

"ਹਾਂ, ਹੁਣ ਤਾਂ ਮੈਂ ਜਾਣਾ ਹੈ। ਮੈਂ ਬੈਂਕ ਵਿੱਚ ਸੀਨੀਅਰ ਕਲਰਕ ਹਾਂ ਅਤੇ ਉਹ ਉੱਥੇ ਮੇਰੀ ਉਡੀਕ ਕਰ ਰਹੇ ਹੋਣਗੇ। ਮੈਂ ਤਾਂ ਇੱਕ ਵਿਦੇਸ਼ੀ ਦੋਸਤ ਨੂੰ ਇੱਥੇ ਵੱਡੇ ਗਿਰਜਾਘਰ ਵਿੱਚ ਘੁਮਾਉਣ ਲਈ ਆਇਆ ਸੀ।"

"ਠੀਕ ਹੈ," ਪਾਦਰੀ ਬੋਲਿਆ, ਅਤੇ ਆਪਣਾ ਹੱਥ ਉਸ ਵੱਲ ਵਧਾ ਦਿੱਤਾ, "ਤਾਂ ਜਾ।"

"ਮੈਨੂੰ ਨਹੀਂ ਲੱਗਦਾ ਕਿ ਇਸ ਹਨੇਰੇ ਵਿੱਚ ਮੈਂ ਇਕੱਲਾ ਹੀ ਆਪਣਾ ਰਸਤਾ ਲੱਭ ਸਕਾਂਗਾ," ਕੇ. ਨੇ ਕਿਹਾ।

"ਆਪਣੇ ਖੱਬੇ ਹੱਥ ਦੀ ਕੰਧ ਨਾਲ ਲੱਗ ਜਾਓ," ਪਾਦਰੀ ਨੇ ਜਵਾਬ ਦਿੱਤਾ, "ਅਤੇ ਫ਼ਿਰ ਉਸ ਕੰਧ ਨਾਲ ਲੱਗਦਾ ਤੁਰਿਆ ਜਾ। ਇਸਨੂੰ ਛੱਡੀ ਨਾ। ਤੈਨੂੰ ਦਰਵਾਜ਼ਾ ਮਿਲ ਜਾਵੇਗਾ।" ਅਜੇ ਤੱਕ ਪਾਦਰੀ ਉਸਤੋਂ ਕੁੱਝ ਕੁ ਕਦਮ ਹੀ ਪਰੇ ਹਟਿਆ ਸੀ, ਪਰ ਕੇ. ਬਹੁਤ ਜ਼ੋਰ ਨਾਲ ਚੀਕਿਆ-

"ਰਕੋ! ਕਿਰਪਾ ਕਰਕੇ ਇੱਕ ਪਲ ਦੇ ਲਈ ਰੁਕੋ!"

"ਮੈਂ ਖੜ੍ਹਾ ਹਾਂ," ਪਾਦਰੀ ਬੋਲਿਆ।

"ਕੀ ਤੁਸੀਂ ਮੇਰੇ ਤੋਂ ਇਸਤੋਂ ਵੱਧ ਕੁੱਝ ਨਹੀਂ ਚਾਹੁੰਦੇ?" ਕੇ. ਨੇ ਪੁੱਛਿਆ।

"ਨਹੀਂ," ਪਾਦਰੀ ਨੇ ਜਵਾਬ ਦਿੱਤਾ।

"ਤੁਸੀਂ ਪਹਿਲਾਂ ਮੇਰੇ ਨਾਲ ਕਿੰਨਾ ਵਧੀਆ ਵਿਹਾਰ ਕੀਤਾ ਹੈ," ਕੇ. ਨੇ ਕਿਹਾ, "ਅਤੇ ਤੁਸੀਂ ਮੈਨੂੰ ਹਰੇਕ ਚੀਜ਼ ਸਪੱਸ਼ਟ ਸਮਝਾ ਰਹੇ ਸੀ, ਪਰ ਤੁਸੀਂ ਤਾਂ ਮੈਨੂੰ ਇਸ ਤਰ੍ਹਾਂ ਭੇਜ ਰਹੇ ਹੋਂ ਜਿਵੇਂ ਤੁਹਾਡੀ ਮੇਰੇ ਵਿੱਚ ਕੋਈ ਦਿਲਚਸਪੀ ਹੀ ਨਾ ਹੋਵੇ।"

"ਪਰ ਤੂੰ ਤਾਂ ਜਾਣਾ ਹੈ," " ਪਾਦਰੀ ਨੇ ਕਿਹਾ।

"ਹਾਂ," ਕੇ. ਬੋਲਿਆ, "ਪਰ ਇਸਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ।"

"ਪਹਿਲਾਂ ਤਾਂ ਤੂੰ ਆਪ ਸਮਝ ਕਿ ਮੈਂ ਕੌਣ ਹਾਂ," ਪਾਦਰੀ ਨੇ ਕਿਹਾ।

"ਤੁਸੀਂ ਜੇਲ੍ਹ ਦੇ ਪਾਦਰੀ ਹੋਂ," ਕੇ. ਪਾਦਰੀ ਦੇ ਕੋਲ ਸਰਕਦਾ ਹੋਇਆ ਬੋਲਿਆ। ਬੈਂਕ ਵਿੱਚ ਉਸਦਾ ਵਾਪਸ ਜਾਣਾ ਉਨਾ ਜ਼ਰੂਰੀ ਨਹੀਂ ਸੀ ਜਿੰਨਾ ਕਿ ਉਸਨੇ ਵਿਖਾਇਆ ਸੀ ਅਤੇ ਉਹ ਇੱਥੇ ਰੁਕ ਸਕਦਾ ਸੀ।

"ਇਸ ਲਈ ਮੈਂ ਅਦਾਲਤ ਨਾਲ ਸਬੰਧ ਰੱਖਦਾ ਹਾਂ," ਪਾਦਰੀ ਬੋਲਿਆ,

287॥ ਮੁਕੱਦਮਾ