ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਦਾ ਰਿਹਾ। ਉਸਨੇ ਸੋਚਿਆ ਉਹ ਉਸਦੇ ਚਿਹਰੇ 'ਤੇ ਨਜ਼ਰ ਸੁੱਟੇਗਾ ਪਰ ਉਹ ਉਸੇ ਤਰ੍ਹਾਂ ਬੈਠੀ ਰਹੀ ਅਤੇ ਬੋਲੀ- "ਮਾਫ਼ ਕਰਨਾ, ਮੈਂ ਅਚਾਨਕ ਹੋਏ ਖੜਕੇ ਨਾਲ ਡਰ ਗਈ ਸੀ, ਨਾ ਹੀ ਮੈਨੂੰ ਪਤਾ ਸੀ ਕਿ ਬੂਹੇ 'ਤੇ ਕੈਪਟਨ ਹੈ। ਤੇਰੀ ਚੀਕ ਮਗਰੋਂ ਅਜਿਹੀ ਸੰਘਣੀ ਚੁੱਪ ਛਾ ਗਈ ਸੀ ਕਿ ਇੱਕ ਦਮ ਖਟਖਟ ਹੋਣ ਨਾਲ ਮੇਰਾ ਤਾਂ ਦਮ ਹੀ ਨਿਕਲ ਗਿਆ ਸੀ। ਮੈਂ ਬੂਹੇ ਦੇ ਕੋਲ ਸੀ ਅਤੇ ਖਟਖਟ ਬਿਲਕੁਲ ਮੇਰੇ ਕੋਲ ਹੋਈ ਸੀ। ਤੂੰ ਜੋ ਵੀ ਮੈਨੂੰ ਸੁਝਾਇਆ, ਮੈਂ ਉਸ ਲਈ ਤੇਰੀ ਧੰਨਵਾਦੀ ਹਾਂ, ਪਰ ਮੈਂ ਇਹ ਸਭ ਨਹੀਂ ਮੰਨ ਸਕਦੀ। ਮੇਰੇ ਕਮਰੇ ਵਿੱਚ ਜੋ ਕੁੱਝ ਵੀ ਹੋਵੇ, ਉਸਦੀ ਜ਼ਿੰਮੇਵਾਰੀ ਲੈਣ ’ਚ ਮੈਨੂੰ ਰਤਾ ਵੀ ਹਿਚਕ ਨਹੀਂ ਹੈ, ਚਾਹੇ ਮੈਨੂੰ ਜਿਹੜੀ ਵੀ ਚੁਨੌਤੀ ਦਿੱਤੀ ਜਾਵੇ। ਮੈਨੂੰ ਹੈਰਾਨੀ ਹੈ ਕਿ ਤੂੰ ਕਿਹੋ ਜਿਹੀਆਂ ਗੱਲਾਂ ਮੈਨੂੰ ਸੁਝਾਈਆਂ ਹਨ, ਹਾਂ ਪਰ ਮੈਂ ਤੇਰੀ ਇਮਾਨਦਾਰੀ ਉੱਤੇ ਸ਼ੱਕ ਨਹੀਂ ਕਰ ਰਹੀ ਹਾਂ। ਪਰ ਹੁਣ ਕਿਰਪਾ ਕਰਕੇ ਜਾ ਅਤੇ ਮੈਨੂੰ ਇਕੱਲਾ ਛੱਡ ਦੇ। ਹੁਣ ਮੈਨੂੰ ਇਕੱਲੇਪਨ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰਤ ਹੈ। ਤੂੰ ਕੁੱਝ ਮਿੰਟਾਂ ਦੀ ਗੱਲ ਦੇ ਲਈ ਕਿਹਾ ਸੀ ਅਤੇ ਹੁਣ ਤਾਂ ਅੱਧੇ ਘੰਟੇ ਤੋਂ ਵੀ ਜ਼ਿਆਦਾ ਵਕਤ ਲੰਘ ਚੁੱਕਾ ਹੈ।"

ਕੇ. ਨੇ ਉਸਦਾ ਹੱਥ ਫੜਿਆ ਅਤੇ ਫ਼ਿਰ ਵੀਣੀ, "ਪਰ ਤੂੰ ਮੇਰੇ ਨਾਲ ਗੁੱਸੇ ਤਾਂ ਨਹੀਂ ਏਂ?" ਉਸਨੇ ਕਿਹਾ।

ਕੁੜੀ ਨੇ ਉਸਦਾ ਹੱਥ ਪਰੇ ਕਰਦੇ ਹੋਏ ਜਵਾਬ ਦਿੱਤਾ, "ਨਹੀਂ, ਨਹੀਂ ਮੈਂ ਕਦੇ ਕਿਸੇ ਨਾਲ ਗੁੱਸੇ ਨਹੀਂ ਹੁੰਦੀ।" ਉਸਨੇ ਦੁਬਾਰਾ ਉਸਦੀ ਵੀਣੀ ਫੜੀ, ਜਿਸਨੂੰ ਉਸਨੇ ਇਸ ਵਾਰ ਨਹੀਂ ਛੁਡਾਇਆ ਅਤੇ ਇਸੇ ਤਰ੍ਹਾਂ ਉਸਨੂੰ ਦਰਵਾਜ਼ੇ ਵੱਲ ਲੈ ਗਈ। ਹੁਣ ਉਹ ਚਲੇ ਜਾਣ ਲਈ ਬਿਲਕੁਲ ਤਿਆਰ ਸੀ। ਪਰ ਦਰਵਾਜ਼ੇ ਦੇ ਕੋਲ ਜਾ ਕੇ ਉਹ ਰੁਕ ਗਿਆ ਜਿਵੇਂ ਉੱਥੇ ਉਸਨੂੰ ਦਰਵਾਜ਼ਾ ਮਿਲਣ ਦੀ ਕੋਈ ਉਮੀਦ ਨਾ ਹੋਵੇ, ਅਤੇ ਫ਼ਰਾਉਲਨ ਬਸਨਰ ਨੇ ਇਸ ਮੌਕੇ ਦਾ ਫ਼ਾਇਦਾ ਚੁੱਕ ਕੇ ਉਸ ਤੋਂ ਖ਼ੁਦ ਨੂੰ ਮੁਕਤ ਕਰ ਲਿਆ, ਦਰਵਾਜ਼ਾ ਖੋਲ੍ਹਿਆ ਅਤੇ ਹਾਲ `ਚ ਜਾ ਕੇ ਹੌਲੀ ਜਿਹੀ ਕੇ. ਨੂੰ ਕਿਹਾ- "ਹੁਣ ਕਿਰਪਾ ਕਰਕੇ ਬਾਹਰ ਚਲਾ ਜਾ। ਵੇਖਿਆ..." ਅਤੇ ਉਸਨੇ ਕੈਪਟਨ ਦੇ ਬੂਹੇ ਵੱਲ ਇਸ਼ਾਰਾ ਕੀਤਾ, ਜਿੱਥੋਂ ਰੌਸ਼ਨੀ ਬਾਹਰ ਆ ਰਹੀ ਸੀ। “ਉਸਨੇ ਬੱਤੀ ਜਲਾ ਰੱਖੀ ਹੈ ਅਤੇ ਸਾਡੀਆਂ ਗੱਲਾਂ ਦਾ ਸਵਾਦ ਲੈ ਰਿਹਾ ਹੈ।

"ਮੈਂ ਹੁਣੇ ਆ ਰਿਹਾ ਹਾਂ।" ਕੇ. ਨੇ ਕਿਹਾ। ਉਹ ਭੱਜਿਆ, ਉਸਨੂੰ ਦਬੋਚਿਆ ਅਤੇ ਉਸਦੇ ਚਿਹਰੇ ਨੂੰ ਇੱਕ ਦਮ ਚੁੰਮ ਲਿਆ। ਜਿਵੇਂ ਕੋਈ ਪਿਆਸਾ ਜਾਨਵਰ ਤਾਜ਼ਾ ਝਰਨੇ ਉੱਤੇ ਇੱਕ ਲੰਮੀ ਭਾਲ ਤੋਂ ਬਾਅਦ ਟੁੱਟ ਪਿਆ ਹੋਵੇ। ਅੰਤ ਉਸਨੇ

43 ਮੁਕੱਦਮਾ