ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/4

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੀਤੀ ਕਿ ਅਸਲ 'ਚ ਇਹ ਆਦਮੀ ਹੈ ਕੌਣ। ਪਰ ਉਸਨੇ ਕੇ. ਦੀ ਉਤਸੁਕਤਾ ਦੀ ਪਰਵਾਹ ਨਾ ਕਰਦੇ ਹੋਏ, ਬੂਹੇ ਨੂੰ ਹੌਲੀ ਜਿਹੀ ਖੋਲ੍ਹ ਦਿੱਤਾ ਅਤੇ ਉਸ ਪਾਸੇ ਜਿਹੜਾ ਆਦਮੀ ਖੜ੍ਹਾ ਸੀ, ਉਸਨੂੰ ਕਿਹਾ, "ਇਹ ਚਾਹੁੰਦਾ ਹੈ ਕਿ ਅੰਨਾ ਇਹਦੇ ਲਈ ਖਾਣਾ ਲਿਆਵੇ।"

ਨਾਲ ਦੇ ਕਮਰੇ ਵਿੱਚ ਹਲਕਾ ਜਿਹਾ ਹਾਸਾ ਫੁੱਟਿਆ ਸੀ ਪਰ ਅਵਾਜ਼ ਤੋਂ ਇਹ ਸਾਫ਼ ਨਹੀਂ ਸੀ ਹੋ ਰਿਹਾ ਕਿ ਉੱਥੇ ਇੱਕ ਤੋਂ ਜ਼ਿਆਦਾ ਆਦਮੀ ਨਹੀਂ ਹਨ। ਪਰ ਇਸਦੇ ਬਾਵਜੂਦ ਉਹ ਅਣਜਾਣ ਆਦਮੀ ਉਸ ਹਾਸੇ ਤੋਂ, ਜਿਸਨੂੰ ਉਹ ਪਹਿਲਾਂ ਤੋਂ ਨਹੀਂ ਜਾਣਦਾ ਸੀ, ਜ਼ਿਆਦਾ ਕੁੱਝ ਸਮਝਦਾ ਨਾ ਲੱਗਿਆ। ਫ਼ਿਰ ਜਿਵੇਂ ਕੋਈ ਫ਼ੈਸਲਾ ਸੁਣਾਉਂਦੇ ਹੋਏ ਉਸਨੇ ਕਿਹਾ, "ਇਹ ਨਹੀਂ ਹੋ ਸਕਦਾ।"

"ਮੇਰੇ ਲਈ ਇਹ ਇੱਕ ਖ਼ਬਰ ਦੀ ਤਰ੍ਹਾਂ ਹੈ।", ਕੇ. ਨੇ ਬਿਸਤਰੇ ਤੋਂ ਬਾਹਰ ਨਿਕਲ ਕੇ ਛੇਤੀ ਨਾਲ ਪਤਲੂਨ ਪਾਉਂਦੇ ਹੋਏ ਕਿਹਾ- "ਮੈਂ ਉੱਧਰ ਜਾ ਕੇ ਪਤਾ ਕਰਦਾ ਹਾਂ ਕਿ ਉਸ ਕਮਰੇ 'ਚ ਕੌਣ ਹੈ ਅਤੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਗ਼ੈਰ-ਜ਼ਰੂਰੀ ਦਖ਼ਲਅੰਦਾਜ਼ੀ ਲਈ ਫ਼ਰਾਅ ਗਰੁਬਾਖ਼ ਕੀ ਸਪਸ਼ਟੀਕਰਨ ਦਿੰਦੀ ਹੈ।"

ਪਰ ਛੇਤੀ ਹੀ ਉਸਨੇ ਇਹ ਮਹਿਸੂਸ ਕੀਤਾ ਕਿ ਉਸਨੂੰ ਇੰਨੀ ਉੱਚੀ 'ਵਾਜ 'ਚ ਇਹ ਸਭ ਨਹੀਂ ਕਹਿਣਾ ਚਾਹੀਦਾ ਸੀ, ਅਤੇ ਇੰਜ ਕਰਕੇ ਕਿਸੇ ਹੱਦ ਤੱਕ ਉਹ ਉਸ ਅਜਨਬੀ ਨੂੰ ਆਪਣੀਆਂ ਹੋਣ ਵਾਲੀਆਂ ਸਰਗਰਮੀਆਂ ਉੱਤੇ ਨਿਗ੍ਹਾ ਰੱਖਣ ਦੀ ਇਜਾਜ਼ਤ ਹੀ ਦੇ ਰਿਹਾ ਸੀ। ਪਰ ਉਸ ਛਿਣ 'ਚ ਇਹ ਜ਼ਿਆਦਾ ਜ਼ਰੂਰੀ ਨਹੀਂ ਲੱਗ ਰਿਹਾ ਸੀ। ਫਿਰ ਵੀ ਅਜਨਬੀ ਨੇ ਉਸਦੇ ਸ਼ਬਦਾਂ ਦੀ ਇਹੀ ਵਿਆਖਿਆ ਕੀਤੀ, ਕਿਉਂਕਿ ਉਸਨੇ ਕਿਹਾ, "ਚੰਗਾ ਹੈ ਤੂੰ ਇੱਥੇ ਹੀ ਖੜਾ ਰਹੇਂ।"

"ਮੈਂ ਇੱਥੇ ਨਹੀਂ ਖੜਾਂਗਾ ਅਤੇ ਨਾ ਹੀ ਮੈਂ ਤੈਨੂੰ ਬੋਲਣ ਦੇਵਾਂਗਾ, ਜਦੋਂ ਤੱਕ ਤੂੰ ਮੈਨੂੰ ਇਹ ਨਹੀਂ ਦੱਸ ਦਿੰਦਾ ਕਿ ਤੂੰ ਹੈ ਕੌਣ?"

"ਮੈਂ ਤੈਨੂੰ ਕੁੱਝ ਨਹੀਂ ਕਹਿਣਾ।" ਅਜਨਬੀ ਨੇ ਇਹ ਕਹਿ ਕੇ ਆਪ ਹੀ ਦਰਵਾਜ਼ਾ ਖੋਲ੍ਹ ਦਿੱਤਾ। ਅਗਲੇ ਕਮਰੇ ਵਿੱਚ ਜਿੱਥੇ ਕੇ. ਇੰਨੀ ਛੇਤੀ ਨਾ ਵੜ ਸਕਿਆ ਜਿੰਨੀ ਛੇਤੀ ਉਹ ਚਾਹੁੰਦਾ ਸੀ, ਉਸਨੇ ਪਹਿਲੀ ਨਿਗ੍ਹਾ 'ਚ ਹੀ ਉਹੀ ਦ੍ਰਿਸ਼ ਵੇਖਿਆ ਜਿਹੜਾ ਉੱਥੇ ਪਿਛਲੀ ਸ਼ਾਮ ਨੂੰ ਸੀ। ਇਹ ਫ਼ਰਾਅ ਗਰੁਬਾਖ਼ ਦਾ ਡਰਾਇੰਗ ਰੂਮ ਸੀ ਅਤੇ ਸ਼ਾਇਦ ਇਸ ਸਵੇਰ ਉਸ ਵਿੱਚ ਕੁੱਝ ਹੋਰ ਖਾਲੀ ਥਾਂ ਆ ਗਈ ਸੀ, ਜਿਹੜਾ ਅਕਸਰ ਫ਼ਰਨੀਚਰ, ਚਿਥੜਿਆਂ ਅਤੇ ਫ਼ੋਟੋਆਂ ਆਦਿ ਨਾਲ ਭਰਿਆ

10