ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਤੋਂ ਜ਼ਰਾ ਹਟ ਕੇ ਇੱਕ ਅੱਧ-ਸ਼ਹਿਰੀ ਗ਼ਲੀ ਵਿੱਚ ਸੀ, ਜਿੱਥੇ ਕੇ. ਕਦੇ ਨਹੀਂ ਗਿਆ ਸੀ।

ਜਦੋਂ ਉਸਨੂੰ ਇਹ ਸੂਚਨਾ ਦਿੱਤੀ ਗਈ ਤਾਂ ਕੇ. ਨੇ ਕੋਈ ਜਵਾਬ ਦਿੱਤੇ ਬਿਨ੍ਹਾਂ ਰਿਸੀਵਰ ਰੱਖ ਦਿੱਤਾ। ਉਸਨੇ ਫ਼ੌਰਨ ਫ਼ੈਸਲਾ ਲਿਆ ਕਿ ਉਹ ਹਰ ਹਾਲ 'ਚ ਐਤਵਾਰ ਨੂੰ ਉੱਥੇ ਜਾਇਆ ਕਰੇਗਾ। ਇਹ ਜ਼ਰੂਰੀ ਸੀ, ਕਿਉਂਕਿ ਮੁਕੱਦਮਾ ਚੱਲ ਪਿਆ ਸੀ ਅਤੇ ਉਸਨੇ ਇਸਦੀ ਪੈਰਵਾਈ ਕਰਨੀ ਸੀ ਅਤੇ ਪਹਿਲੀ ਸੁਣਵਾਈ ਹੀ ਆਖ਼ਰੀ ਹੋ ਸਕਦੀ ਸੀ। ਅਜੇ ਤੱਕ ਉਹ ਉਦਾਸ ਜਿਹਾ ਟੈਲੀਫ਼ੋਨ ਦੇ ਕੋਲ ਖੜਾ ਸੀ, ਜਦੋਂ ਉਸਨੇ ਆਪਣੇ ਪਿੱਛੇ ਖੜੇ ਡਿਪਟੀ ਮੈਨੇਜਰ ਦੀ ਅਵਾਜ਼ ਸੁਣੀ, ਜਿਹੜਾ ਫ਼ੋਨ ਕਰਨ ਦੀ ਕੋਸ਼ਿਸ਼ ਵਿੱਚ ਸੀ, ਪਰ ਫ਼ੋਨ 'ਤੇ ਕੇ. ਦੇ ਹੋਣ ਕਾਰਨ ਉਹ ਫ਼ੋਨ ਮਿਲਾ ਨਹੀਂ ਪਾ ਰਿਹਾ ਸੀ।

"ਕੀ ਕੋਈ ਬੁਰੀ ਖ਼ਬਰ ਹੈ?" ਡਿਪਟੀ ਮੈਨੇਜਰ ਨੇ ਵੈਸੇ ਹੀ ਪੁੱਛਿਆ, ਜਿਵੇਂ ਉਸਨੂੰ ਕਿਸੇ ਅਸਲ ਸੂਚਨਾ ਦੀ ਲੋੜ ਨਾ ਹੋਵੇ ਅਤੇ ਆਪਣੇ ਅਜਿਹੇ ਕਿਸੇ ਫ਼ਿਕਰੇ ਦੁਆਰਾ ਉਹ ਕੇ. ਨੂੰ ਫ਼ੋਨ ਕੋਲੋਂ ਹਟਾਉਣਾ ਚਾਹੁੰਦਾ ਹੋਵੇ।

"ਨਹੀਂ, ਨਹੀਂ।" ਕੇ. ਨੇ ਆਪਣੇ ਪੈਰ ਪਿੱਛੇ ਖਿਸਕਾਉਂਦੇ ਹੋਏ ਕਿਹਾ, ਪਰ ਉਹ ਉੱਥੋਂ ਜਿਆਦਾ ਪਿੱਛੇ ਨਹੀਂ ਹਟਿਆ। ਡਿਪਟੀ ਮੈਨੇਜਰ ਨੇ ਰਿਸੀਵਰ ਚੁੱਕਿਆ ਅਤੇ ਆਪਣੀ ਪੂਰੀ ਤਾਕਤ ਨਾਲ ਬੋਲਣ ਲੱਗਾ, ਜਦੋਂ ਕਿ ਅਜੇ ਤੱਕ ਉਸਨੂੰ ਆਪਰੇਟਰ ਦੀ ਉਡੀਕ ਹੀ ਸੀ

"ਇੱਕ ਗੱਲ ਹੈ ਕੇ., ਕੀ ਤੂੰ ਸ਼ਨੀਵਾਰ ਨੂੰ ਮੇਰੇ ਘਰ ਪਾਰਟੀ ਵਿੱਚ ਸ਼ਾਮਿਲ ਹੋ ਸਕਦਾ ਏਂ? ਉੱਥੇ ਬਹੁਤ ਸਾਰੇ ਲੋਕ ਹੋਣਗੇ, ਜਿਸ ਵਿੱਚ ਜ਼ਰੂਰ ਹੀ ਤੇਰੇ ਕੁੱਝ ਦੋਸਤ ਵੀ ਹੋਣਗੇ। ਸਰਕਾਰੀ ਵਕੀਲ ਹਿਸਟੀਰਰ ਵੀ ਹੋਵੇਗਾ। ਕੀ ਤੂੰ ਆਏਂਗਾ? ਜਰੂਰ ਆਈਂ।"

ਕੇ. ਨੇ ਡਿਪਟੀ ਮੈਨੇਜਰ ਦੀ ਗੱਲ ਉੱਤੇ ਗੌਰ ਕਰਨ ਦੀ ਕੋਸ਼ਿਸ਼ ਕੀਤੀ। ਕਿਸੇ ਹੱਦ ਤੱਕ ਤਾਂ ਉਸਦੇ ਲਈ ਇਹ ਜ਼ਰੂਰੀ ਸੀ, ਕਿਉਂਕਿ ਡਿਪਟੀ ਮੈਨੇਜਰ ਦਾ ਇਹ ਸੱਦਾ, ਜਿਸਦੇ ਨਾਲ ਉਹਦੀ ਬਹੁਤੀ ਬਣਦੀ ਨਹੀਂ ਸੀ, ਇੱਕ ਢੰਗ ਨਾਲ ਉਸਦੇ ਨਾਲ ਸਬੰਧਾਂ ਨੂੰ ਨਵੇਂ ਸਿਰੇ ਤੋਂ ਗੰਢਣ ਦੀ ਕੋਸ਼ਿਸ਼ ਸੀ। ਇਸ ਤੋਂ ਇਹ ਸਾਬਿਤ ਹੋ ਰਿਹਾ ਸੀ ਕਿ ਬੈਂਕ `ਚ ਉਸਦਾ ਰੁਤਬਾ ਉੱਚਾ ਰਿਹਾ ਸੀ ਅਤੇ ਬੈਂਕ ਦੇ ਇਸ ਦੂਜੇ ਨੰਬਰ ਦੇ ਉੱਚ-ਅਧਿਕਾਰੀ ਦੁਆਰਾ ਉਸਦੀ ਦੋਸਤੀ ਨੂੰ, ਜਾਂ ਘੱਟ ਤੋਂ ਘੱਟ ਉਸਦੇ ਨਿਰਪੱਖ ਵਿਹਾਰ ਨੂੰ ਕਿੰਨੀ ਮਾਨਤਾ ਜਾ ਰਹੀ ਸੀ। ਉਹ ਸੱਦਾ ਦੇ ਕੇ

46 ਮੁਕੱਦਮਾ