ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡਿਪਟੀ ਮੈਨੇਜਰ ਖੁਦ ਨੂੰ ਨਿਮਰ ਵਿਖਾ ਰਿਹਾ ਸੀ, ਹਾਲਾਂਕਿ ਉਹ ਇਹ ਸਭ ਬਹੁਤ ਚਾਲੁ ਜਿਹੇ ਢੰਗ ਨਾਲ ਕਰ ਰਿਹਾ ਸੀ, ਅਤੇ ਰਿਸੀਵਰ 'ਤੇ ਆਪਰੇਟਰ ਦੁਆਰਾ ਫ਼ੋਨ ਜੋੜਨ ਦਾ ਇੰਤਜ਼ਾਰ ਰਿਹਾ ਸੀ। ਪਰ ਕੇ. ਨੇ ਨਿਮਰਤਾ ਨਾਲ ਕਿਹਾ,

"ਬਹੁਤ ਬਹੁਤ ਧੰਨਵਾਦ, ਪਰ ਬਦਕਿਸਮਤੀ ਨਾਲ ਇਸ ਐਤਵਾਰ ਨੂੰ ਮੇਰੇ ਕੋਲ ਸਮਾਂ ਨਹੀਂ ਹੈ, ਕਿਉਂਕਿ ਮੈਂ ਕਿਸੇ ਹੋਰ ਕੰਮ ਵਿੱਚ ਰੁੱਝਿਆ ਹੋਇਆ ਹਾਂ।"

"ਸ਼ਰਮ ਦੀ ਗੱਲ ਹੈ।" ਡਿਪਟੀ ਮੈਨੇਜਰ ਨੇ ਕਿਹਾ ਅਤੇ ਫ਼ੋਨ 'ਤੇ ਗੱਲ ਕਰਨ ਲੱਗਾ, ਜਿਹੜਾ ਹੁਣੇ-ਹੁਣੇ ਜੁੜ ਗਿਆ ਸੀ। ਇਹ ਛੋਟੀ ਗੱਲਬਾਤ ਨਹੀਂ ਸੀ ਪਰ ਕੇ. ਇੰਨਾ ਦੁਖੀ ਸੀ ਕਿ ਉਹ ਸਾਰਾ ਵਕ਼ਤ ਫ਼ੋਨ ਦੇ ਕੋਲ ਖੜਾ ਰਿਹਾ। ਜਦੋਂ ਡਿਪਟੀ ਮੈਨੇਜਰ ਫ਼ੋਨ 'ਤੋਂ ਵਿਹਲਾ ਹੋਇਆ ਤਾਂ ਉਹ ਸੁਚੇਤ ਹੋ ਕੇ ਅਤੇ ਆਪਣੀ ਫ਼ੋਨ ਦੇ ਕੋਲ ਗੈਰਜ਼ਰੂਰੀ ਮੌਜੂਦਗੀ ਦੇ ਪ੍ਰਤੀ ਬਹਾਨਾ ਜਿਹਾ ਬਣਾਉਂਦਾ ਬੋਲਿਆ,

"ਕਿਸੇ ਨੇ ਹੁਣੇ ਮੈਨੂੰ ਫ਼ੋਨ ਕੀਤਾ ਸੀ ਅਤੇ ਕਿਤੇ ਜਾਣ ਲਈ ਕਿਹਾ, ਪਰ ਉਹ ਸਹੀ ਸਮਾਂ ਤਾਂ ਦੱਸਣਾ ਹੀ ਭੁੱਲ ਗਏ।"

"ਠੀਕ ਹੈ, ਉਹਨਾਂ ਨੂੰ ਦੋਬਾਰਾ ਫ਼ੋਨ ਕਰਕੇ ਪੁੱਛ ਲਓ।" ਡਿਪਟੀ ਮੈਨੇਜਰ ਨੇ ਜਵਾਬ ਦਿੱਤਾ।

"ਓਹ, ਇਹ ਇੰਨਾ ਕੋਈ ਜ਼ਰੂਰੀ ਨਹੀਂ ਹੈ।" ਉਸਨੇ ਕਿਹਾ, ਪਰ ਪਹਿਲਾਂ ਹੀ ਜਿਹੜਾ ਕਮਜ਼ੋਰ ਜਿਹਾ ਬਹਾਨਾ ਉਹਨੇ ਪੇਸ਼ ਕੀਤਾ ਸੀ, ਉਹ ਇਸ ਨਾਲ ਹੋਰ ਕਮਜ਼ੋਰ ਪੈ ਗਿਆ ਸੀ। ਜਿਵੇਂ ਹੀ ਡਿਪਟੀ ਮੈਨੇਜਰ ਉੱਥੋਂ ਜਾਣ ਲਈ ਵਾਪਸ ਮੁੜਿਆ ਤਾਂ ਕਿਸੇ ਹੋਰ ਵਿਸ਼ੇ ਉੱਤੇ ਗੱਲ ਕਰ ਰਿਹਾ ਸੀ। ਕੇ. ਨੇ ਜਵਾਬ ਦੇਣ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੁੱਖ ਤੌਰ 'ਤੇ ਇਹੀ ਸੋਚ ਰਿਹਾ ਸੀ ਕਿ ਉਹ ਐਤਵਾਰ ਸਵੇਰੇ ਨੌਂ ਵਜੇ ਚਲਾ ਜਾਵੇਗਾ ਕਿਉਂਕਿ ਹਫ਼ਤੇ ਦੇ ਬਾਕੀ ਦਿਨਾਂ ਵਿੱਚ ਕੋਰਟ ਇਸੇ ਸਮੇਂ ਆਪਣਾ ਕੰਮ ਸ਼ੁਰੂ ਕਰਦੇ ਹਨ।

ਐਤਵਾਰ ਨੂੰ ਮੌਸਮ ਕਾਫ਼ੀ ਖ਼ੁਸ਼ਕ ਸੀ। ਕੇ. ਕਾਫ਼ੀ ਥੱਕਿਆ ਹੋਇਆ ਸੀ। ਗੁਆਂਢ 'ਚ ਰਾਤ ਭਰ ਕੋਈ ਤਿਉਹਾਰ ਚਲਦਾ ਰਿਹਾ ਸੀ ਅਤੇ ਕੇ. ਪਿਛਲੀ ਪੂਰੀ ਰਾਤ ਬੈਠਾ ਰਿਹਾ ਸੀ ਅਤੇ ਸਵੇਰੇ ਦੇਰ ਨਾਲ ਉੱਠਿਆ। ਉਹ ਜਲਦਬਾਜ਼ੀ ਵਿੱਚ ਤਿਆਰ ਹੋਇਆ, ਅਤੇ ਪਿਛਲੇ ਪੂਰੇ ਹਫ਼ਤੇ ਉਸਨੇ ਜਿਹੜੀਆਂ ਯੋਜਨਾਵਾਂ ਬਣਾਈਆਂ ਸਨ, ਉਹਨਾਂ ਉੱਤੇ ਜ਼ਿਆਦਾ ਵਿਚਾਰ ਕੀਤੇ ਬਿਨ੍ਹਾਂ, ਉਸਨੇ ਕੱਪੜੇ ਪਾਏ ਅਤੇ ਨਾਸ਼ਤਾ ਕੀਤੇ ਬਗੈਰ ਉਹ ਅਰਧ-ਸ਼ਹਿਰੀ ਖੇਤਰ ਵੱਲ ਭੱਜਿਆ, ਜਿਵੇਂ ਕਿ ਤੈਅ ਹੋਇਆ ਸੀ। ਹਾਲਾਂਕਿ ਇੱਧਰ-ਉੱਧਰ ਧਿਆਨ ਦੇਣ ਦਾ ਵਕ਼ਤ ਉਸਦੇ ਕੋਲ ਨਹੀਂ

47॥ ਮੁਕੱਦਮਾ