ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁੱਪਚਾਪ ਉੱਠ ਖੜਾ ਹੋਇਆ, ਜਿਵੇਂ ਕਿ ਆਪਣੇ ਵਿਚਾਰਾਂ ਨਾਲ ਉਹ ਉੱਚੀ ਅਵਾਜ਼ 'ਚ ਉਸਨੂੰ ਜਾਣੂ ਕਰਾ ਚੁੱਕਾ ਹੋਵੇ ਅਤੇ ਇਸ ਤਰ੍ਹਾਂ ਉਸਦੇ ਪ੍ਰਤੀ ਆਪਣੇ ਨਜ਼ਰੀਏ ਨੂੰ ਸਪੱਸ਼ਟ ਕਰ ਚੁੱਕਾ ਹੋਵੇ।

"ਮੈਂ ਨਹੀਂ ਸਮਝਦਾ ਕਿ ਤੂੰ ਮੇਰੀ ਕੁੱਝ ਮਦਦ ਕਰ ਸਕੇਂਗੀ।" ਉਸਨੇ ਕਿਹਾ, "ਕਿਉਂਕਿ ਠੀਕ ਢੰਗ ਨਾਲ ਮੇਰੀ ਮਦਦ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਤੂੰ ਸਿਰਫ਼ ਹੇਠਲੇ ਦਰਜੇ ਦੇ ਅਧਿਕਾਰੀਆਂ ਨੂੰ ਜਾਣਦੀ ਏਂ, ਜਿਹੜੇ ਇੱਥੇ ਝੁੰਡਾਂ ਦੀ ਸ਼ਕਲ 'ਚ ਚਲੇ ਆਉਂਦੇ ਹਨ। ਤੂੰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਏਂ, ਅਤੇ ਉਹਨਾਂ ਤੋਂ ਕਾਫ਼ੀ ਕੁੱਝ ਕਰਵਾ ਵੀ ਸਕਦੀ ਏਂ, ਇਸ 'ਤੇ ਮੈਨੂੰ ਕੋਈ ਸ਼ੱਕ ਨਹੀਂ ਹੈ ਪਰ ਉਹਨਾਂ ਤੋਂ ਜਿੰਨਾ ਕੁੱਝ ਵੀ ਕਰਵਾਇਆ ਜਾ ਸਕਦਾ ਹੈ, ਉਸਦਾ ਇਸ ਕੇਸ ਦੇ ਨਤੀਜੇ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਤੂੰ ਇਸ ਸਭ ਕਰਕੇ ਆਪਣੇ ਦੋਸਤ ਗਵਾ ਲਏਂਗੀ ਅਤੇ ਮੈਂ ਇਹੀ ਨਹੀਂ ਚਾਹੁੰਦਾ। ਹੁਣ ਤੱਕ ਇਹਨਾਂ ਲੋਕਾਂ ਨਾਲ ਤੇਰੇ ਜੋ ਵੀ ਸਬੰਧ ਹਨ, ਉਹਨਾਂ ਨੂੰ ਜਾਰੀ ਰੱਖ, ਕਿਉਂਕਿ ਅਸਲ 'ਚ ਮੈਨੂੰ ਲਗਦਾ ਹੈ ਕਿ ਇਹ ਸਬੰਧ ਤੇਰੇ ਲਈ ਜ਼ਰੂਰੀ ਹਨ। ਇਹ ਸਭ ਕੁੱਝ ਮੈਂ ਇੱਕ ਅੰਦਰੂਨੀ ਅਫ਼ਸੋਸ ਨਾਲ ਕਹਿ ਰਿਹਾ ਹਾਂ ਤਾਂ ਕਿ ਕਿਸੇ ਵੀ ਢੰਗ ਨਾਲ ਆਪਣੇ ਪ੍ਰਤੀ ਤੇਰੀ ਵਡਿਆਈ ਦਾ ਕੁੱਝ ਤਾਂ ਬਦਲਾ ਦੇ ਸਕਾਂ। ਹਾਂ, ਮੈਨੂੰ ਇਹ ਕਹਿਣ ਵਿੱਚ ਸੰਕੋਚ ਵੀ ਨਹੀਂ ਹੈ ਕਿ ਮੈਂ ਤੈਨੂੰ ਕਾਫ਼ੀ ਪਸੰਦ ਵੀ ਕਰਦਾ ਹਾਂ, ਖ਼ਾਸ ਕਰਕੇ ਉਸ ਸਮੇਂ ਜਦੋਂ ਤੂੰ ਉਸ ਉਦਾਸੀ ਨਾਲ ਮੈਨੂੰ ਵੇਖਦੀ ਏਂ ਜਿਵੇਂ ਹੁਣੇ ਤੂੰ ਮੈਨੂੰ ਵੇਖ ਰਹੀ ਏਂ, ਹਾਲਾਂਕਿ ਤੇਰੇ ਲਈ ਕਿਸੇ ਵੀ ਕੀਮਤ 'ਤੇ ਉਦਾਸ ਹੋਣ ਦਾ ਕੋਈ ਕਾਰਨ ਨਹੀਂ ਹੈ। ਤੂੰ ਲੋਕਾਂ ਦੇ ਉਸ ਸਮੂਹ ਨਾਲ ਸਬੰਧ ਰੱਖਦੀ ਏਂ, ਜਿਸਦੇ ਖਿਲਾਫ਼ ਮੈਂ ਲੜਨਾ ਹੈ ਪਰ ਅਸਲ 'ਚ ਤੂੰ ਚੰਗੀ ਤਰ੍ਹਾਂ ਢਲੀ ਹੋਈ ਏਂ। ਤੂੰ ਉਸ ਵਿਦਿਆਰਥੀ ਨਾਲ ਪਿਆਰ ਕਰਦੀ ਏਂ, ਜਾਂ ਮੰਨ ਲੈ ਤੂੰ ਉਹਨੂੰ ਪਿਆਰ ਨਹੀਂ ਵੀ ਕਰਦੀ ਤਾਂ ਵੀ ਆਪਣੇ ਪਤੀ ਦੇ ਮੁਕਾਬਲੇ ਉਸਦਾ ਵਧੇਰੇ ਮਾਣ ਰੱਖਦੀ ਏਂ। ਤੇਰੇ ਕਥਨ ਤੋਂ ਕੋਈ ਵੀ ਇਹ ਅੰਦਾਜ਼ਾ ਬੜੀ ਸੌਖ ਨਾਲ ਲਾਇਆ ਜਾ ਸਕਦਾ ਹੈ।

"ਨਹੀਂ!" ਉਹ ਚੀਕ ਪਈ। ਉਹ ਉੱਥੇ ਹੀ ਖੜੀ ਰਹੀ ਅਤੇ ਕੇ. ਦੇ ਹੱਥ 'ਤੇ ਆਪਣੀਆਂ ਨਜ਼ਰਾਂ ਟਿਕਾਈ ਰੱਖੀਆਂ, ਜਿਹੜਾ ਉਸਨੇ ਇੱਕ ਦਮ ਪਿੱਛੇ ਨਹੀਂ ਖਿੱਚਿਆ ਸੀ। "ਹੁਣ ਤੂੰ ਇੱਥੋਂ ਨਹੀਂ ਜਾ ਸਕਦਾ, ਮੇਰੇ ਬਾਰੇ ਗ਼ਲਤ ਧਾਰਨਾ ਬਣਾ ਕੇ ਤੂੰ ਇੱਥੋਂ ਹਰਗਿਜ਼ ਨਹੀਂ ਜਾ ਸਕਦਾ। ਕੀ ਤੂੰ ਸਚਮੁੱਚ ਜਾ ਸਕਦਾ ਏਂ? ਕੀ ਮੈਂ ਇੰਨੀ ਗਿਰੀ ਹੋਈ ਹਾਂ ਕਿ ਤੂੰ ਕੁੱਝ ਦੇਰ ਹੋਰ ਰੁਕਣ ਦਾ ਭੋਰਾ ਫ਼ਾਇਦਾ ਵੀ ਮੈਨੂੰ ਨਹੀਂ

72॥ ਮੁਕੱਦਮਾ