ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਧਰ ਆਇਆ ਸੀ ਤੈਨੂੰ ਠੀਕ ਉਸੇ ਵੇਲੇ ਰਫੂਚੱਕਰ ਹੋ ਜਾਣਾ ਚਾਹੀਦਾ ਸੀ, ਓਨੀ ਛੇਤੀ ਨਾਲ ਜਿੰਨੀ ਤੂੰ ਕਰ ਸਕਦਾ ਸੀ।

ਇਹ ਕਹਿਣਾ ਤਾਂ ਸ਼ਾਇਦ ਕਿਸੇ ਵੀ ਵੱਡੇ ਕਾਰਨ ਦੇ ਗੁੱਸੇ ਦੀ ਨਿਸ਼ਾਨੀ ਹੋ ਸਕਦਾ ਸੀ, ਪਰ ਇਹ ਤਾਂ ਕਾਨੂੰਨੀ ਦਾਅਪੇਚਾਂ ਦੇ ਹੰਕਾਰ ਦਾ ਸੰਕੇਤ ਵੀ ਸੀ, ਜਿਹੜਾ ਉਹ ਆਪਣੀ ਨਾਪਸੰਦ ਦੇ ਇੱਕ ਮੁੱਦਈ ਦੇ ਪ੍ਰਤੀ ਜਾਰੀ ਕਰ ਰਿਹਾ ਸੀ। ਕੇ. ਉਸਦੇ ਕੋਲ ਖੜਾ ਰਿਹਾ ਅਤੇ ਮੁਸਕੁਰਾ ਕੇ ਬੋਲਿਆ- "ਮੈਂ ਪਰੇਸ਼ਾਨੀ ਵਿੱਚ ਹਾਂ, ਇਹ ਬਿਲਕੁਲ ਸੱਚ ਹੈ, ਪਰ ਮੈਨੂੰ ਪਰੇਸ਼ਾਨ ਹੋਣ ਤੋਂ ਰੋਕਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਮੈਨੂੰ ਇਕੱਲਾ ਛੱਡ ਦਿਓ। ਅਤੇ ਜੇ ਤੂੰ ਇੱਥੇ ਪੜਾਈ ਦੇ ਲਈ ਆਇਆ ਏਂ, ਮੈਂ ਸੁਣਿਆ ਕਿ ਤੂੰ ਇੱਕ ਵਿਦਿਆਰਥੀ ਏਂ, ਤਾਂ ਮੈਂ ਖੁਸ਼ੀ ਨਾਲ ਇਹ ਜਗ੍ਹਾ ਤੈਨੂੰ ਦੇ ਸਕਦਾ ਹਾਂ ਅਤੇ ਖ਼ੁਦ ਇਸ ਔਰਤ ਦੇ ਨਾਲ ਕਿਤੇ ਹੋਰ ਚਲਾ ਜਾਂਦਾ ਹਾਂ। ਜੱਜ ਬਣਨ ਤੋਂ ਪਹਿਲਾਂ ਤੈਨੂੰ ਹਰ ਹਾਲ 'ਚ ਕਾਫ਼ੀ ਪੜਾਈ ਕਰਨੀ ਪਵੇਗੀ। ਭਾਵੇਂ ਮੈਂ ਤੇਰੀ ਨਿਆਂ ਵਿਵਸਥਾ ਦਾ ਬਹੁਤਾ ਵਾਕਿਫ਼ ਨਹੀਂ ਹਾਂ, ਪਰ ਮੈਂ ਸਮਝਦਾ ਹਾਂ ਕਿ ਇਸਦਾ ਅਰਥ ਸਿਰਫ਼ ਭੱਦੇ ਭਾਸ਼ਣ ਦੇ ਸਕਣਾ ਨਹੀਂ ਹੈ ਜਿਹੜੇ ਪੱਕਾ ਹੀ ਤੂੰ ਬੇਅਦਬ ਕੁਸ਼ਲਤਾ ਨਾਲ ਕਰ ਸਕਣ 'ਚ ਮਾਹਿਰ ਹੋ ਗਿਆ ਏਂ।

"ਇਸ ਆਦਮੀ ਨੂੰ ਇੰਨੀ ਅਜ਼ਾਦੀ ਨਾਲ ਇੱਧਰ-ਉੱਧਰ ਘੁੰਮਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਸੀ।" ਉਸ ਵਿਦਿਆਰਥੀ ਨੇ ਕਿਹਾ, ਜਿਵੇਂ ਉਹ ਕੇ. ਦੇ ਇਸ ਬੇਇੱਜ਼ਤੀ ਭਰੇ ਭਾਸ਼ਣ ਦੇ ਪ੍ਰਤੀ ਆਪਣਾ ਸਪੱਸ਼ਟੀਕਰਨ ਉਸ ਔਰਤ ਨੂੰ ਦੇਣਾ ਚਾਹੁੰਦਾ ਹੋਵੇ, "ਇਹ ਇੱਕ ਗ਼ਲਤੀ ਸੀ। ਮੈਂ ਜਾਂਚ ਮੈਜਿਸਟਰੇਟ ਨੂੰ ਵੀ ਇਹੀ ਕਹਿ ਰਿਹਾ ਸੀ। ਸੁਣਵਾਈ ਦੇ ਵਿਚਾਲੇ ਵਕਫ਼ਿਆਂ 'ਚ ਇਸਨੂੰ ਇਸੇ ਕਮਰੇ ਵਿੱਚ ਨਜ਼ਰਬੰਦ ਰੱਖਿਆ ਜਾਣਾ ਚਾਹੀਦਾ ਸੀ। ਕਈ ਵਾਰ ਜਾਂਚ ਮੈਜਿਸਟਰੇਟ ਸਾਹਬ ਨੂੰ ਸਮਝ ਸਕਣਾ ਵੀ ਔਖਾ ਹੋ ਜਾਂਦਾ।"

"ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਹੈ। ਕੇ. ਨੇ ਕਿਹਾ ਅਤੇ ਉਸ ਔਰਤ ਵੱਲ ਆਪਣਾ ਹੱਥ ਵਧਾ ਦਿੱਤਾ- "ਆ ਚੱਲੀਏ।"

"ਓਹ! ਅੱਛਾ, ਨਹੀਂ ਨਹੀਂ, ਤੂੰ ਉਸਨੂੰ ਨਹੀਂ ਪਾ ਸਕਦਾ।" ਅਤੇ ਇੱਕ ਸ਼ਕਤੀ ਦੇ ਨਾਲ ਜਿਸਦੇ ਹੋਣ ਦੀ ਉਸ ਨੌਜੁਆਨ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਉਸਨੇ ਉਸ ਔਰਤ ਨੂੰ ਇੱਕ ਬਾਂਹ ਤੋਂ ਖਿੱਚਿਆ ਅਤੇ ਉਸ 'ਤੇ ਤਰਸ ਭਰੀ ਨਿਗ੍ਹਾ ਸੁੱਟੀ ਬੂਹੇ ਵੱਲ ਵਧਿਆ। ਅਜਿਹਾ ਕਰਦੇ ਵੇਲੇ ਉਹ ਬੇਸ਼ੱਕ ਅਜਿਹਾ ਵਿਖਾ ਰਿਹਾ ਸੀ ਕਿ ਉਹ ਕੇ. ਤੋਂ ਥੋੜ੍ਹਾ ਡਰਿਆ ਜ਼ਰੂਰ ਹੈ, ਹਾਲਾਂਕਿ ਅਜੇ

78॥ ਮੁਕੱਦਮਾ