ਸਕਦਾ ਸੀ, ਜਿਵੇਂ ਇਹ ਤਰਸਯੋਗ ਵਿਦਿਆਰਥੀ, ਘੁੰਗਰਾਲੇ ਵਾਲ਼ਾਂ ਵਾਲਾ ਇਹ ਬੱਚਾ, ਐਲਸਾ ਦੇ ਬਿਸਤਰ ਤੇ ਇਹ ਸੂਰ ਦਾ ਬੱਚਾ ਆਪਣੇ ਹੱਥ ਜੋੜੀ ਤਰਸ ਦੀ ਭੀਖ ਮੰਗਦਾ ਹੋਇਆ। ਇਹਨਾਂ ਤਸਵੀਰਾਂ ਤੋਂ ਕੇ. ਨੂੰ ਇੰਨੀ ਤਸੱਲੀ ਹੋਈ ਕਿ ਉਸਨੇ ਉਸੇ ਪਲ ਫ਼ੈਸਲਾ ਲਿਆ ਕਿ ਜੇ ਕਦੀ ਮੌਕਾ ਮਿਲਿਆ ਤਾਂ ਉਹ ਇਸ ਵਿਦਿਆਰਥੀ ਨੂੰ ਐਲਸਾ ਦੇ ਕੋਲ ਲੈ ਚੱਲੇਗਾ।
ਕੇ. ਉਤਸੁਕਤਾ ਨਾਲ ਬੂਹੇ ਤੱਕ ਤੁਰ ਆਇਆ, ਇਹ ਜਾਨਣ ਲਈ ਕਿ ਉਸ ਔਰਤ ਨੂੰ ਕਿੱਥੇ ਲੈ ਜਾਇਆ ਜਾ ਰਿਹਾ ਹੈ। ਪਰ ਤੈਅ ਹੋ ਗਿਆ ਕਿ ਉਹਨਾਂ ਨੂੰ ਬਹੁਤਾ ਦੂਰ ਨਹੀਂ ਜਾਣਾ ਸੀ। ਇਸ ਫ਼ਲੈਟ ਦੇ ਇੱਕ ਦਮ ਪਾਰ ਲੱਕੜ ਦੀ ਇੱਕ ਤੰਗ ਪੌੜੀ ਉੱਪਰ ਜਾ ਰਹੀ ਸੀ, ਸ਼ਾਇਦ ਸਭ ਤੋਂ ਉੱਪਰਲੀ ਮੰਜ਼ਿਲ 'ਤੇ, ਇਸ ਪੌੜੀ ਵਿੱਚ ਇੱਕ ਮੋੜ ਸੀ। ਇਸ ਲਈ ਇਹ ਤੈਅ ਕਰ ਸਕਣਾ ਮੁਸ਼ਕਿਲ ਸੀ ਕਿ ਪੌੜੀ ਕਿੱਥੇ ਜਾ ਕੇ ਖ਼ਤਮ ਹੁੰਦੀ ਹੈ। ਵਿਦਿਆਰਥੀ ਉਸ ਔਰਤ ਨੂੰ ਪੌੜੀਆਂ ਦੇ ਉੱਪਰ ਲੈ ਗਿਆ। ਹਾਲਾਂਕਿ ਉਹ ਬਹੁਤ ਹੌਲੀ ਅਤੇ ਉੱਖੜੇ ਸਾਹਾਂ ਨਾਲ ਇਹ ਕਰ ਸਕਿਆ ਕਿਉਂਕਿ ਉਹ ਐਨਾ ਭੱਜ ਚੁੱਕਾ ਸੀ ਕਿ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਔਰਤ ਨੇ ਕੇ. ਦੇ ਵੱਲ ਹੱਥ ਹਿਲਾਇਆ, ਅਤੇ ਆਪਣੇ ਮੋਢੇ ਉੱਪਰ ਹੇਠਾਂ ਹਿਲਾ ਕੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਅਗਵਾਹੀ ਵਿੱਚ ਉਹ ਨਿਰਪੱਖ ਹੈ, ਪਰ ਉਸਦੇ ਇਸ ਸੰਕੇਤ ਵਿੱਚ ਕੋਈ ਅਫ਼ਸੋਸ ਨਹੀਂ ਝਲਕਦਾ ਸੀ। ਕੇ. ਨੇ ਉਸਨੂੰ ਭਾਵਨਾ-ਹੀਣ ਨਜ਼ਰ ਨਾਲ ਵੇਖਿਆ, ਜਿਵੇਂ ਕਿ ਉਹ ਕੋਈ ਅਜਨਬੀ ਹੋਵੇ। ਉਹ ਨਾ ਤਾਂ ਇਹ ਵਿਖਾਉਣਾ ਚਾਹੁੰਦਾ ਸੀ ਕਿ ਉਹ ਨਿਰਾਸ਼ ਹੈ ਅਤੇ ਨਾ ਹੀ ਅਜਿਹਾ ਕੁੱਝ ਕਿ ਨਿਰਾਸ਼ਾ ਉਸਦੇ ਲਈ ਅਜਿਹੀ ਚੀਜ਼ ਹੈ, ਜਿਸ ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕੇ।
ਉਹ ਜੋੜਾ ਹੁਣ ਅਲੋਪ ਹੋ ਗਿਆ ਸੀ ਪਰ ਕੇ. ਅਜੇ ਤੱਕ ਬੂਹੇ 'ਤੇ ਖੜਾ ਸੀ। ਉਹ ਨਾ ਸਿਰਫ਼ ਇਹ ਮੰਨ ਲੈਣ ਲਈ ਮਜਬੂਰ ਸੀ ਕਿ ਉਸ ਔਰਤ ਨੇ ਉਸਨੂੰ ਧੋਖਾ ਦਿੱਤਾ ਹੈ, ਪਰ ਇਹ ਵੀ ਕਿ ਉਹ ਉਦੋਂ ਵੀ ਝੂਠ ਬੋਲ ਰਹੀ ਸੀ, ਜਦੋਂ ਉਸਨੇ ਕਿਹਾ ਕਿ ਉਸਨੂੰ ਜਾਂਚ ਮੈਜਿਸਟਰੇਟ ਦੇ ਕੋਲ ਲਿਜਾਇਆ ਜਾ ਰਿਹਾ ਹੈ। ਉਹ ਉਸ ਉੱਪਰੀ ਮੰਜ਼ਿਲ 'ਤੇ ਪੱਕਾ ਹੀ ਉਸਦੀ ਉਡੀਕ ਵਿੱਚ ਨਹੀਂ ਬੈਠਾ ਹੋਵੇਗਾ। ਲੱਕੜ ਦੀ ਪੌੜੀ ਕੁੱਝ ਵੀ ਸਪੱਸ਼ਟ ਨਹੀਂ ਕਰ ਪਾ ਰਹੀ ਸੀ, ਕੋਈ ਚਾਹੇ ਉਸਨੂੰ ਕਿੰਨਾ ਵੀ ਚਿਰ ਵੇਖਦਾ ਰਹੇ। ਪਰ ਜਦੋਂ ਕੇ. ਨੇ ਪੌੜੀ ਦੇ ਕੋਲ ਇੱਕ ਛੋਟਾ ਜਿਹਾ ਨੋਟਿਸ ਚਿਪਕਿਆ ਹੋਇਆ ਵੇਖਿਆ ਤਾਂ ਉਸਦੇ ਕੋਲ ਜਾ ਕੇ ਉਸਨੂੰ ਪੜ੍ਹਨ ਲੱਗਾ। ਇਹ
80॥ ਮੁਕੱਦਮਾ