"ਲੱਗਦਾ ਹੈ ਤੈਨੂੰ ਯਕੀਨ ਨਹੀਂ ਹੈ ਕਿ ਮੈਂ ਮੇਰੇ 'ਤੇ ਵੀ ਕੇਸ ਚੱਲ ਰਿਹਾ ਹੈ?" ਕੇ. ਨੇ ਉਸ ਤੋਂ ਪੁੱਛਿਆ।
"ਓਹ, ਪਰ ਮੈਨੂੰ ਯਕੀਨ ਹੈ, ਸਚਮੁੱਚ," ਉਸ ਆਦਮੀ ਨੇ ਕਿਹਾ ਅਤੇ ਇੱਕ ਪਾਸੇ ਹਟ ਗਿਆ, ਹਾਲਾਂਕਿ ਉਸਦੇ ਜਵਾਬ ਤੋਂ ਇਹ ਲੱਗਿਆ ਕਿ ਉਹ ਡਰਿਆ ਹੋਇਆ ਹੈ, ਨਾ ਕਿ ਇਹ ਕਿ ਉਸਨੂੰ ਕੇ. ਤੇ ਯਕੀਨ ਹੈ।
"ਤਾਂ ਤੂੰ ਮੇਰੇ 'ਤੇ ਯਕੀਨ ਨਹੀਂ ਕਰ ਰਿਹਾ?" ਕੇ. ਨੇ ਪੁੱਛਿਆ ਅਤੇ ਮਨ ਵਿੱਚ ਉਸ ਆਦਮੀ ਦੇ ਨਿਮਰ ਵਿਹਾਰ ਤੋਂ ਉੱਤੇਜਿਤ ਹੋ ਕੇ, ਉਸਨੇ ਉਸਦੀ ਬਾਂਹ ਫੜ ਲਈ, ਜਿਵੇਂ ਕਿ ਜ਼ਬਰਦਸਤੀ ਉਸਨੂੰ ਯਕੀਨ ਦਿਵਾਉਣ 'ਤੇ ਤੁਲਿਆ ਹੋਵੇ। ਪਰ ਉਸਦਾ ਇਰਾਦਾ ਉਸ ਆਦਮੀ ਨੂੰ ਦੁੱਖ ਪੁਚਾਉਣ ਦਾ ਨਹੀਂ ਸੀ ਅਤੇ ਉਸਨੇ ਉਸਨੂੰ ਹੌਲੀ ਜਿਹੀ ਹੀ ਫੜਿਆ ਸੀ, ਪਰ ਉਹ ਆਦਮੀ ਜ਼ੋਰ ਨਾਲ ਚੀਕ ਪਿਆ, ਜਿਵੇਂ ਕਿ ਕੇ. ਨੇ ਉਸਨੂੰ ਸਿਰਫ ਦੋ ਉਂਗਲਾਂ ਨਾਲ ਨਾ ਫੜ ਕੇ, ਚਿਮਟੇ ਨਾਲ ਫੜ ਲਿਆ ਹੋਵੇ। ਇਸ ਬੇਵਜ੍ਹਾ ਚੀਕ-ਚਿਹਾੜੇ ਨੇ ਕੇ. ਦੇ ਸੰਜਮ ਨੂੰ ਤੋੜ ਦਿੱਤਾ। ਜੇ ਉਹ ਲੋਕ ਯਕੀਨ ਨਹੀਂ ਕਰਦੇ ਕਿ ਉਹ ਵੀ ਇੱਕ ਮੁੱਦਈ ਹੈ, ਤਾਂ ਚੰਗਾ ਹੀ ਹੈ। ਸ਼ਾਇਦ ਇਹ ਆਦਮੀ ਤਾਂ ਉਸਨੂੰ ਜੱਜ ਹੀ ਮੰਨੀ ਬੈਠਾ ਹੋਵੇ। ਅਤੇ ਹੁਣ, ਜਾਣ ਦੀ ਤਿਆਰੀ ਵਿੱਚ, ਉਸਨੇ ਉਸ ਆਦਮੀ ਨੂੰ ਸੱਚੀਂ ਜ਼ੋਰ ਨਾਲ ਫੜ ਕੇ, ਪਿੱਛੇ ਧੱਕ ਕੇ ਬੈਂਚ 'ਤੇ ਸੁੱਟ ਦਿੱਤਾ ਅਤੇ ਅੱਗੇ ਨਿਕਲ ਗਿਆ।
"ਬਹੁਤੇ ਮੁੱਦਈ ਇਸੇ ਤਰਾਂ ਸੰਜੀਦਾ ਹੁੰਦੇ ਹਨ।" ਅਰਦਲੀ ਨੇ ਕਿਹਾ। ਉਹਨਾਂ ਦੇ ਪਿੱਛੇ ਜਿਹੜੇ ਲੋਕ ਉਡੀਕ ਵਿੱਚ ਬੈਠੇ ਸਨ, ਉਹਨਾਂ ਵਿੱਚੋਂ ਬਹੁਤ ਸਾਰੇ ਆਦਮੀ ਉਸਦੇ ਆਲੇ-ਦੁਆਲੇ ਇੱਕਠੇ ਹੋ ਗਏ, ਜਿਹੜਾ ਹੁਣ ਤੱਕ ਆਪਣੇ ਚੀਕਚਿਹਾੜੇ ਤੋਂ ਮੁਕਤ ਹੋ ਗਿਆ ਸੀ, ਅਤੇ ਉਹ ਉਸ ਤੋਂ ਇਸ ਘਟਨਾ ਦੀ ਪੁੱਛਗਿੱਛ ਕਰਦੇ ਪ੍ਰਤੀਤ ਹੋ ਰਹੇ ਸਨ। ਹੁਣ ਕੇ. ਦੇ ਕੋਲ ਇੱਕ ਵਾਰਡਰ ਆ ਗਿਆ ਜਿਹੜਾ ਆਪਣੇ ਸਰੀਰ 'ਤੇ ਧਾਰਨ ਕੀਤੇ ਗਏ ਖ਼ੰਜਰ ਤੋਂ ਪਛਾਣਿਆ ਜਾਂਦਾ ਸੀ। ਖ਼ੰਜਰ ਦੀ ਮਿਆਨ (ਘੱਟੋ-ਘੱਟ ਉਸਦੇ ਰੰਗ ਦੇ ਅਧਾਰ 'ਤੇ) ਐਲੂਮੀਨੀਅਮ ਦੀ ਬਣੀ ਹੋਈ ਸੀ। ਵਾਰਡਰ, ਜਿਹੜਾ ਉਸ ਚੀਕ-ਚਿਹਾੜੇ ਕਾਰਨ ਇੱਧਰ ਆ ਪੁੱਜਾ ਸੀ, ਨੇ ਪੁੱਛਿਆ ਕਿ ਇੱਧਰ ਕੀ ਹੋਇਆ ਸੀ। ਅਰਦਲੀ ਨੇ ਉਸਨੂੰ ਕੁੱਝ ਸ਼ਬਦਾਂ ਦੇ ਨਾਲ ਠੰਡਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਾਰਡਰ ਨੇ ਕਿਹਾ ਕਿ ਉਹ ਆਪ ਪਤਾ ਕਰੇਗਾ, ਇਸ ਲਈ ਉਸਨੇ ਸਲੂਟ ਮਾਰਿਆ ਅਤੇ ਤੇਜ਼ ਪਰ ਛੋਟੇ ਕਦਮਾਂ, ਜਿਹਨਾਂ 'ਤੇ ਗਠੀਏ ਦੇ ਹਾਵੀ ਹੋਣ ਦਾ ਅੰਦੇਸ਼ਾ ਸੀ, ਨਾਲ ਚਲਾ ਗਿਆ।
88॥ ਮੁਕੱਦਮਾ