ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਮਣੇ ਉਹ ਪਹਿਲਾਂ ਤਨ ਕੇ ਖੜ੍ਹਾ ਸੀ, ਜਦੋਂ ਕਿ ਇਸ ਵੇਲੇ ਉਸਨੂੰ ਖੜ੍ਹਾ ਰਹਿਣ ਲਈ ਦੋ ਆਦਮੀਆਂ ਦੀ ਮਦਦ ਦੀ ਲੋੜ ਸੀ। ਸੂਚਨਾ ਅਧਿਕਾਰੀ ਕੇ. ਨੇ ਦੇ ਹੈਟ ਨੂੰ ਆਪਣੀਆਂ ਉਂਗਲਾਂ ਦੀ ਨੋਕ 'ਤੇ ਸੰਤੁਲਿਤ ਕੀਤਾ ਹੋਇਆ ਸੀ। ਕੇ. ਦੇ ਵਾਲ ਹੁਣ ਬਿਲਕੁਲ ਅਸਤ-ਵਿਅਸਤ ਹੋਏ ਪਏ ਸਨ ਅਤੇ ਉਸਦੀਆਂ ਪਸੀਨੇ ਨਾਲ ਭਿੱਜੀਆਂ ਸ਼੍ਹੇਲੀਆਂ 'ਤੇ ਡਿੱਗ ਰਹੇ ਸਨ। ਪਰ ਉਸ ਮੁੱਦਈ ਨੇ ਜਿਵੇਂ ਕੁੱਝ ਵੀ ਮਹਿਸੂਸ ਨਹੀਂ ਕੀਤਾ। ਉਹ ਸੂਚਨਾ ਅਧਿਕਾਰੀ ਦੇ ਸਾਹਮਣੇ ਨਿਮਰਤਾ ਨਾਲ ਖੜ੍ਹਾ ਰਿਹਾ, ਜਿਹੜਾ ਉਸਦੇ ਸਿਰੋਂ ਪਾਰ ਦੂਰ ਕਿਤੇ ਵੇਖ ਰਿਹਾ ਸੀ, ਅਤੇ ਉਸਦੀ ਹੋਂਦ ਨੂੰ ਨਕਾਰ ਰਿਹਾ ਸੀ।

"ਮੈਂ ਜਾਣਦਾ ਹਾਂ, ਉਸਨੇ ਕਿਹਾ, "ਕਿ ਮੇਰੇ ਹਲਫ਼ਨਾਮੇ ਦਾ ਜਵਾਬ ਅੱਜ ਨਹੀਂ ਦਿੱਤਾ ਜਾ ਸਕਦਾ। ਪਰ ਮੈਂ ਉਸੇ ਦੇ ਲਈ ਆਇਆ ਸੀ, ਮੈਂ ਸੋਚਿਆ ਕਿ ਮੈਂ ਇੱਥੇ ਉਡੀਕ ਕਰ ਸਕਦਾ ਹਾਂ। ਅੱਜ ਐਤਵਾਰ ਹੈ, ਮੇਰੇ ਕੋਲ ਕਾਫ਼ੀ ਵਕਤ ਹੈ ਅਤੇ ਇੱਥੇ ਮੈਂ ਕਿਸੇ ਦਾ ਰਸਤਾ ਵੀ ਨਹੀਂ ਰੋਕਿਆ ਹੋਇਆ।

"ਇੰਨੇ ਜ਼ਿਆਦਾ ਬਹਾਨੇ ਬਣਾਉਣ ਦੀ ਤੈਨੂੰ ਕੀ ਲੋੜ ਹੈ," ਸੂਚਨਾ ਅਧਿਕਾਰੀ ਨੇ ਕਿਹਾ, "ਇੰਨੀ ਤਕਲੀਫ਼ ਲਈ ਤਾਂ ਤੇਰੀ ਸਿਫ਼ਾਰਿਸ਼ ਹੋਣੀ ਚਾਹੀਦੀ ਹੈ, ਵੈਸੇ ਤਾਂ ਇਹ ਵੀ ਸਹੀ ਹੈ ਕਿ ਬੇਵਜ਼ਾ ਤੂੰ ਇਹ ਥੋੜ੍ਹੀ ਜਿਹੀ ਥਾਂ ਘੇਰੀ ਬੈਠਾ ਏਂ, ਫੇਰ ਵੀ, ਜੇ ਮੈਨੂੰ ਇਹ ਅੜਿੱਕਾ ਮਹਿਸੂਸ ਨਾ ਵੀ ਹੋਵੇ ਤਾਂ ਮੈਂ ਤੈਨੂੰ ਆਪਣਾ ਕੰਮ ਹੁੰਦੇ ਹੋਏ ਵੇਖਣ ਤੋਂ ਨਹੀਂ ਰੋਕਾਂਗਾ। ਜਦੋਂ ਲੋਕਾਂ ਨੂੰ ਬੇਸ਼ਰਮ ਹੋ ਕੇ ਆਪਣਾ ਫ਼ਰਜ਼ ਠੀਕ ਤਰ੍ਹਾਂ ਨਾ ਨਿਭਾਉਂਦੇ ਹੋਏ ਮੈਂ ਵੇਖ ਚੁੱਕਾ ਹਾਂ, ਤਾਂ ਮੈਂ ਤੇਰੇ ਜਿਹੇ ਲੋਕਾਂ ਨਾਲ ਸੰਜਮ ਨਾਲ ਪੇਸ਼ ਆਉਣਾ ਵੀ ਸਿੱਖ ਚੁੱਕਾ ਹਾਂ। ਬੈਠ ਜਾ।"

"ਵੇਖ ਮੁੱਦਈਆਂ ਨਾਲ ਕਿਵੇਂ ਗੱਲ ਕੀਤੀ ਜਾਂਦੀ ਹੈ, ਉਹ ਕਿੰਨਾ ਬਿਹਤਰ ਜਾਣਦਾ ਹੈ," ਕੁੜੀ ਫੁਸਫੁਸਾਈ। ਕੇ. ਨੇ ਸਿਰ ਹਿਲਾ ਦਿੱਤਾ, ਪਰ ਇੱਕ ਦਮ ਹੈਰਾਨ ਹੋ ਗਿਆ ਜਦੋਂ ਸੂਚਨਾ ਅਧਿਕਾਰੀ ਨੇ ਆਪਣਾ ਸਵਾਲ ਦੁਹਰਾ ਦਿੱਤਾ, "ਕੀ ਤੂੰ ਇੱਥੇ ਬੈਠਣਾ ਨਹੀਂ ਚਾਹੁੰਦਾ?"

"ਨਹੀਂ, ਕੇ. ਨੇ ਜਵਾਬ ਦਿੱਤਾ, "ਮੈਂ ਅਰਾਮ ਨਹੀਂ ਕਰਨਾ ਚਾਹੁੰਦਾ।"

ਇਹ ਸਭ ਉਸਨੇ ਬਹੁਤ ਦ੍ਰਿੜਤਾ ਨਾਲ ਕਿਹਾ, ਪਰ ਅਸਲ 'ਚ ਬੈਠ ਜਾਣ ਦੀ ਉਸਦੀ ਤੀਬਰ ਇੱਛਾ ਸੀ। ਇਹ ਤਾਂ ਸਮੁੰਦਰ ਤੋਂ ਪੈਦਾ ਹੋਈ ਬਿਮਾਰੀ ਵਰਗਾ ਕੁੱਝ ਸੀ। ਉਸਨੂੰ ਮਹਿਸੂਸ ਹੋਇਆ ਕਿ ਉਹ ਕਿਸੇ ਖ਼ਤਰਨਾਕ ਲਹਿਰਾਂ ਵਾਲੇ ਸਮੁੰਦਰ ਦੇ ਉੱਪਰ ਤੈਰਦੇ ਜਹਾਜ਼ ਉੱਤੇ ਮੌਜੂਦ ਹੈ। ਉਸਨੂੰ ਲੱਗਿਆ ਕਿ ਪਾਣੀ ਲੱਕੜ ਦੀਆਂ

97॥ ਮੁਕੱਦਮਾ