ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇ ਦੁੱਖਾਂ ਤੇ ਨਿਰਾਸਤਾਈਆਂ ਵਾਲੇ ਪਹਿਲੂ ਨਾਲ ਵਧੇਰੇ ਵਾਹ ਪੈਣ ਕਰ ਕੇ ਇਸ ਪਾਸੇ ਦੀ ਵਾਕਫ਼ੀ ਤੇ ਐਹਸਾਸ ਡੂੰਘੇ ਹੋ ਗਏ। ਕਈ ਮੁਸ਼ਕਲਾਂ ਵਿਚੋਂ ਲੰਘਕੇ ਮਿਹਨਤ ਤੇ ਪ੍ਰਯਤਨ ਨਾਲ ਆਪ ਆਪਣੇ ਪੈਰਾਂ ਤੇ ਹੋ ਗਏ ਹਨ ਪਰ ਓਹ ਘਾਵ ਡੂੰਘੇ ਹਨ ਤੇ ਅਜੇ ਵੀ ਆਪ ਦਸਦੇ ਹਨ ਕਿ ਆਪਦਾ ਅਪਨੇ ਉਦਾਲੇ ਪੁਦਾਲੇ ਨਾਲ ਉਦਾਸੀ ਦਾ ਹੀ ਜੋੜ ਹੈ। ਜਿਸਤਰ੍ਹਾਂ ਕਿ ਆਪ 'ਕੁਝ ਆਪਣੀ ਬਾਬਤ' ਵਿਚ ਲਿਖਦੇ ਹਨ:-

"ਅਜ ਕਲ ਦੀ ਮੇਰੀ ਹਾਲਤ ਕੀ ਹੈ-ਮੈਂ ਜੀਊਂਦਾ ਹਾਂ ਪਰ ਮਰਿਆ ਮਰਿਆ। ਦਿਨ ਕਟਦਾ ਹਾਂ ਪਰ ਚੁਕਿਆ ਚੁਕਿਆ। ਹਾਸੇ ਮੇਰੇ ਜੀਵਨ ਵਿਚ ਨਹੀਂ। ਪਿਆਰ ਮੇਰਾ ਠੋਹਕਰਾਂ ਹੀ ਖਾਂਦਾ ਰਿਹਾ ਹੈ,ਕਿਤੇ ਡਿਗ ਪਿਆ ਤੇ ਫਿਰ ਉਠ ਬੈਠਾ-ਕਿਤੇ ਉਠ ਬੈਠਾ ਤੇ ਫੇਰ ਡਿਗ ਪਿਆ। ਪਿਆਰ, ਸਚਾਈ, ਇਨਸਾਫ਼, ਹਮਦਰਦੀ,ਮੈਨੂੰ ਆਪਣੇ ਦਾਇਰੇ ਵਿਚ ਕਿਧਰੇ ਨਹੀਂ ਦਿਸਦੇ। ਜਿਥੋਂ ਤਕ ਯਾਦ ਕਰ ਸਕਦਾ ਹਾਂ,ਮੇਰਾ ਖ਼ਿਆਲ ਹੈ ਕਿ ਮੈਂ ਕਦੇ ਕੁਝ ਨਹੀਂ ਮੰਗਿਆ ਤੇ ਜੇ ਕਿਤੇ ਭੁਲ ਭੁਲੇਖੇ ਮੰਗ ਬੈਠਾ ਹਾਂ ਤਾਂ ਇਹ ਮਿਲਿਆ ਕਦੇ ਨਹੀਂ। ਏਸੇ ਲਈ ਮੈਂ ਆਖਦਾ ਹਾਂ ਕਿ ਇਹ ਦਿਸਦੀ ਦੁਨੀਆਂ ਮੇਰੇ ਲਈ ਨਹੀਂ ਤੇ ਮੈਂ ਏਸ ਦੁਨੀਆਂ ਲਈ ਨਹੀਂ। ਅਸੀਂ ਇਕ ਦੂਜੇ ਨੂੰ ਕੈਰੀਆਂ ਨਜ਼ਰਾਂ ਨਾਲ ਵੇਖਦੇ ਹਾਂ, ਕੁਛ ਕਛ ਓਪਰਾਪਨ ਹੈ ਸਾਡੇ ਦੋਹਾਂ ਵਿਚਕਾਰ।"

ਫਿਰ ਆਪ ਲਿਖਦੇ ਹਨ ਕਿ ਮੇਰੇ ਜੀਵਨ ਦੀ ਚਾਬੀ ਮੇਰੀ ਕਵਿਤਾ ਵਿਚ ਹੈ। ਜਿਸਦਾ ਸਿਰਨਾਮਾ ਹੈ 'ਕਿਵੇਂ ਮੌਲਦੀ ਹਸਤੀ ਮੇਰੀ' ਸੋ ਅਚਰਜ ਨਹੀਂ ਕਿ ਆਪ ਦੇ ਜੀਵਨ-ਤਜਰਬੇ ਆਪ ਦੀਆਂ ਕਈ ਰਚਨਾਵਾਂ ਵਿਚ ਅਪਨੀ ਉਦਾਸ ਝਲਕ ਦਿਖਾ ਰਹੇ ਹਨ।
੧੦