ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਰੇ ਪਾਸੇ ਪਹਾੜੀਆਂ ਨਾਲ ਘਿਰੀ ਹੋਈ ਡੇਰਾਦੂਨ ਦੀ ਸੁੰਦਰ ਵਾਦੀ, ਬੱਦਲਾਂ ਦੇ ਵੱਖ ਵੱਖ ਕਿੰਗਰੇ, ਸਾਮ੍ਹਣੇ ਪਹਾੜ ਦੀਆਂ ਟੀਸੀਆਂ, ਬਰਫਾਂ ਤੋਂ ਵਾਂਝੀਆਂ - ਇਹ ਤੜਪਾਊ ਦ੍ਰਿਸ਼ ਤੇ ਫੇਰ ਪਰਦੇਸ, ਆਪਨਿਆਂ ਤੋਂ ਦੂਰ। ਇਨ੍ਹਾਂ ਹਾਲਤਾਂ ਵਿਚ ਜੇ ਕਦੀ ਕਿਸੇ ਦੇ ਖ਼ਿਆਲ ਬੇਵੱਸ ਹੋ ਜਾਣ ਤਾਂ ਇਸ ਵਿੱਚ ਓਸ ਦਾ ਕੀ ਕਸੂਰ? ਇਕ ਏਹੋ ਜਹੇ ਜਲੌ ਨੂੰ ਵੇਖ ਕੇ ਜਜ਼ਬੇ ਦੀ ਲਹਿਰ ਮੈਨੂੰ ਕੇ ਧਰ ਤੋਂ ਕਿੱਧਰ ਲੈ ਗਈ ਤੇ ਮੇਰਾ ਘੁੱਟਿਆ ਦੱਬਿਆ ਬਿਰਹਾ ਕਿਓਂ ਤੇ ਕਿਵੇਂ ਫੁੱਟ ਪਿਆ - ਇਹ ਮੇਰੀ ਨਜ਼ਮ ਪਰਦੇਸ ਦੀ ਜ਼ਿੰਦਗੀ ਦਾ ਤੱਤ ਹੈ।

ਮਨ ਦੀ ਹਾਲਤ ਬਾਹਰ ਦੀ ਦਿਸਦੀ ਦੁਨੀਆ ਤੇ ਲਿਸ਼ਕਾਰਾ ਪਾਂਦੀ ਹੈ। ਕਿਸੇ ਤੋਂ ਵਿਛੁੜ ਕੇ ਬੱਦਲਾਂ ਦੇ ਕਿੰਗਰੇ ਵੀ ਵੱਖ ਵੱਖ, ਦੂਰ ਦਰ ਤੇ ਨਿੱਖੜੇ ਨਿੱਖੜੇ ਲਗਦੇ ਹਨ। ਕਦੇ ਕੋਈ ਕੋਲ ਸੀ ਤਾਂ ਇਹ ਮਿਲੇ ਮਿਲੇ, ਕੋਲ ਕੋਲ ਤੇ ਨੇੜੇ ਨੇੜੇ ਮਲੂਮ ਹੁੰਦੇ ਸਨ। ਬੱਦਲਾਂ ਨੂੰ ਉੱਡਦਿਆਂ ਵੇਖ ਕੇ ਦਿਲ ਵੀ ਉਡਦਾ ਹੈ। ਜੀ ਕਰਦਾ ਹੈ ਇਕੋ ਉਡਾਰੀ ਵਿਚ 'ਪਿਆਰੇ' ਦੇ ਪਾਸ ਪੁੱਜ ਜਾਂ ਤੇ ਪਲ ਦੇ ਅੰਦਰ ਵਿਛੋੜੇ ਦੀਆਂ ਘੜੀਆਂ, ਸਾਲ ਸਾਲ ਬਨ ਕੇ ਬੀਤਦੀਆਂ ਘੜੀਆਂ, ਝਟ ਖ਼ਤਮ ਹੋ ਜਾਣ ਪਰ ਜਦੋਂ ਤਕ ਏਸਤਰ੍ਹਾਂ ਨਾਂ ਹੋਵੇ ਓਦੋਂ ਤਕ...........

ਬੱਦਲਾਂ ਤੋਂ ਹੇਠਾਂ ਉਤਰੇ! ਏਧਰ ਓਧਰ ਚਾਰੇ ਪਾਸੇ ਨਜ਼ਰ ਫੇਰਦਿਆਂ ਕੀ ਤੱਕਿਆ? ਪਹਾੜੀਆਂ ਤੇ ਉਨ੍ਹਾਂ ਦੇ ਸਿਖਰ, ਬਰਫ ਦੀ ਆਸ ਕਰਦੇ ਤੇ ਦੱਖ-ਵਿਛੋੜਾ ਜਰਦੇ। ਅਸੀਂ ਵੀ ਮਨ ਨੂੰ ਸਮਝਾਇਆ, ਭਈ! ਕੁਛ ਸਬਰ ਕਰ - ਬੇਕਰਾਰੀ ਜੀਵਨ ਨਹੀਂ।

ਖਿੱਲਰੀ ਖਿੱਲਰੀ ਧੁੰਦ-ਵੇਖੀ ਗੁਆਚੀਆਂ ਗੁਆਚੀਆਂ ਡੁਬਦੇ ਸੂਰਜ ਦੀਆਂ ਕਿਰਨਾਂ ਤੱਕੀਆਂ ਤੇ ਸਾਨੂੰ ਵੀ ਯਾਦ ਆ ਗਿਆ ਕੋਈ ਬੀਤਿਆ ਸਮਾਂ ਜਦ ਕਈ ਮਿਲਿਆ ਤੇ ਫੇਰ-ਵਿਛੜ ਗਿਆ ਸੀ। ਮਨ ਫੇਰ ਡੁਲ੍ਹ ਪਿਆ ਤੇ ਹੰਝੂਆਂ ਨਾਲ ਭਿੱਜੀਆਂ ਸਤਰਾਂ ਬੇਬਸੀਆਂ ਹੋ ਕੇ ਪੁਛਨ ਲਗੀਆਂਕੀ - ਕਰੇ ਅਧੂਰਾ ਪਿਆਰ?

੧੦੪