ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/116

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਇਕ ਵੇਰ ਕੁਝ ਫੱਲ ਮੇਰੇ ਅੱਗੇ ਰਖੇ ਗਏ। ਕਿਧਰੇ ਬਾਹਰ ਬਰਾਂਡੇ ਵਿੱਚ ਬੈਠੇ ਹੋਏ ਸਾਂ ਤੇ ਗੱਪਾਂ ਚਲ ਰਹੀਆਂ ਸਨ। ਹਾਲਾਤ ਨੇ ਪ੍ਰੇਰਨਾ ਦੇਨੀ ਸੀ ਸੋ ਏਸਤਰਾਂ ਹੋਇਆ ਕਿ ਬੈਠਿਆਂ ਹਾਲੀ ਕੁਝ ਦੇਰ ਹੀ ਹੋਈ ਸੀ ਕਿ ਇਕ ਮੰਗਤਾ ਆ ਖੜੋਤਾ ਤੇ ਰੋਟੀ ਮੰਗਨ ਲੱਗਾ। ਮੇਰੀ ਨਜ਼ਰ ਪਲੇਟ ਤੋਂ ਹਟ ਕੇ ਮੰਗਣ ਵਾਲੇ ਵੱਲ ਗਈ ਤੇ ਫੇਰ ਉਸ ਤੋਂ ਵੀ ਅੱਗੇ, ਜਾਦ-ਲਾਲਟੈਣ ਨਾਲ ਦਿਖਾਈਆਂ ਤਸਵੀਰਾਂ ਵਾਂਗ ਕਈ ਚਲਦੀਆਂ ਫਰਦੀਆਂ ਲਾਸ਼ਾਂ ਵਲ। ਮੈਂ ਏਸ ਧਰਤੀ ਦੇ ਲੱਖਾਂ ਕਰੋੜਾਂ ਲਾਲਾਂ ਨੂੰ ਇਕ ਇਕ ਰੋਟੀ ਦੇ ਟੁਕੜੇ ਲਈ ਤਰਸਦਿਆਂ ਵੇਖਿਆ। ਦਿਲ ਵਿਚ ਦਰਦ ਆਇਆ ਤੇ ਮੈਂ ਸੋਚਿਆ ਕਿ ਇਹ ਕਿਧਰ ਦਾ ਨਿਆਂ ਹੈ ਕਿ ਮੈਂ ਤੇ ਫੱਲ ਖਾਵਾਂ ਅਤੇ ਕਈ ਗ਼ਰੀਬ ਵਿਚਾਰੇ ਰੋਟੀਓਂ ਈ ਆਤਰ ਹੋਣ। ਸੋਚਦਿਆਂ ਸੋਚਦਿਆਂ, ਖ਼ਿਆਲਾਂ ਦੀ ਲੜੀ ਟੁੱਟੀ ਤੇ ਨਜ਼ਰ ਫੇਰ ਅੱਗੇ ਰਖੀ ਪਲੇਟ ਵਲ ਗਈ। ਮੈਂ ਸਾਥੀਆਂ ਨੂੰ ਆਖਿਆ, ਉਹੋ ਸਤਰ ਜੋ ਏਸ ਨਜ਼ਮ ਦੀ ਪਹਿਲੀ ਸਤਰ ਹੈ - ਕਿ ਮੈਂ ਇਹ ਫੱਲ ਨਹੀਂ ਖਾਨੇ ਤੇ ਪਲੇਟ ਚੁਕ ਕੇ ਉਸ ਮੰਗਤੇ ਦੀ ਝੋਲੀ ਵਿਚ ਪਾ ਦਿੱਤੀ।

*

੧੧੬