ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਕਰਦਾ ਹੈ, ਆਦਮੀ ਪੁੱਛੇ, ਦੁੱਖ ਦਾ ਕਾਰਨ। ਦਿਲ ਜਾਣਦਾ ਹੈ ਉਸ ਦੁੱਖ ਦਾ ਕਾਰਨ ਪਰ ਅਨਜਾਣ ਬਨ ਕੇ ਲੁਕਾਂਦਾ ਹੈ। ਭੁੱਲਨ ਦੀ ਕੋਸ਼ਸ਼ ਕਰਦਾ ਹੈ ਕਿ ਉਸ ਨੇ ਆਪ ਕਿਸੇ ਦੀ ਜ਼ਿੰਦਗੀ ਨੂੰ ਇਹ ਕੁਝ ਬਨਾ ਦਿੱਤਾ। ਉਸ ਦੀ ਬਦਲੀ ਹੋਈ ਹਾਲਤ ਵੇਖੀ ਨਹੀਂ ਜਾਂਦੀ। ਉਸਦੀ ਜਵਾਨੀ ਕਿੱਥੇ ਗਈ? ਕਿਥੇ ਗਈ ਉਸਦੀ ਮਸਤੀ? ਕੌਣ ਲੈ ਗਿਆ ਉਹਦੀ ਪਿਆਰ ਦੀ ਦੁਨੀਆਂ ਖੋਹ ਕੇ? ਕੀ ਵੇਦਨਾਂ ਹੈ ਉਸਦੀ ਦਰਦ-ਭਰੀ? ਇਹ ਸਵਾਲ ਸਵਾਲ ਹੀ ਰਹਿ ਜਾਂਦੇ ਹਨ, ਜਵਾਬ ਨਹੀਂ ਔੜਦਾ।

ਕੋਈ ਪੁਰਾਣਾ ਪਿਆਰ ਕਦੀ ਫੇਰ ਜਾਗਦਾ ਹੈ। ਇਕ ਚਾਹਣਾਂ ਮਨ ਵਿੱਚ ਆਂਦੀ ਹੈ। ਜੀਅ ਕਰਦਾ ਹੈ ਚੁਭਕ ਵਾਂਗਰ ਕਿਸੇ ਦੇ ਦੁੱਖ ਚੁਕ ਲਵਾਂ। ਖਿੱਚ ਲਵਾਂ ਹਿਕੜੀ ਦੇ ਅੰਦਰ ਸੁੱਤੇ ਹੋਏ ਕਿਸੇ ਦੇ ਗ਼ਮ, ਐਊਂ ਜਿਵੇਂ ਚੰਦਾ ਖਿੱਚ ਲੈਂਦਾ ਹੈ ਸੁੱਤੀਆਂ ਹੋਈਆਂ ਸਮੁੰਦਰ ਦੀਆਂ ਛੱਲਾਂ ਨੂੰ। ਦੁੱਖ ਲੈ ਲਵਾਂ, ਸੁੱਖ ਦੇ ਦੇਵਾਂ-ਬ੍ਰਹਿਮੰਡ ਸੁੱਖਾਂ ਦੇ, ਸਾਰੇ ਦੁੱਖਾਂ ਦੇ ਭਾਰਿਆਂ ਬਦਲੇ। ਕੀ ਮੇਰੀ ਇਹ ਤਾਂਘ ਪੂਰੀ ਨਹੀਂ ਹੋ ਸਕਦੀ?

ਇਹ ਤਾਂਘ ਕਿੱਦਾਂ ਪੂਰੀ ਹੋਵੇ? ਸ਼ਾਇਦ ਬਾਬਰ ਵਾਂਗ ਵਟਾਂਦਰਾ ਕਰ ਕੇ। ਇਕ ਸੱਚੇ ਦਿਲ ਨਾਲ ਕਿਸੇ ਦੇ ਗਿਰਦੇ ਗਿਰਦੇ ਪਰਕਰਮਾਂ ਕਰਾਂ ਤੇ ਆਖਾਂ ਕਿ ਅੱਜ ਤੋਂ ਲੈ ਕੇ ਉਹਦੇ ਦੁੱਖ ਮੇਰੇ ਹੋ ਜਾਣ ਤੇ ਮੇਰੇ ਹਾਸੇ ਉਹਦੇ। ਮੇਰੀ ਇਹ ਕਲਪਨਾਂ ਸੱਚ ਹੋਵੇ ਤੇ ਮੇਰੀ ਚਿਰਾਂ ਦੀ ਤੜਫਨਾਂ ਮੁੱਕੇ। ਏਹੋ ਮੇਰੀ ਚਾਹਣਾਂ ਹੈ, ਸਭ ਕੁਛ ਜਾਣਨ ਵਾਲੇ ਦੇ ਹਜ਼ੂਰ।

**

੧੨੨